ਮੀਤ ਹੇਅਰ ਤੇ ਹਰਜੋਤ ਸਿੰਘ ਬੈਂਸ ਵੱਲੋਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ’ਚ ਸ਼ਮੂਲੀਅਤ ਕਰਨ ਦਾ ਸੱਦਾ

08/26/2023 6:00:23 PM

ਚੰਡੀਗੜ੍ਹ (ਬਿਊਰੋ) : ਪੰਜਾਬ ’ਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਨਿਸ਼ਾਨੇ ਅਧੀਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਉਲੀਕੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਲਈ ਸੂਬਾ ਸਰਕਾਰ ਵੱਲੋਂ ਸਭ ਤਿਆਰੀ ਮੁਕੰਮਲ ਕਰ ਲਈ ਗਈ ਹੈ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ’ਚ ਹਿੱਸਾ ਬਣਾਉਣ ਲਈ ਢੁੱਕਵਾਂ ਤੇ ਸਾਜਗਰ ਮਾਹੌਲ ਸਿਰਜਿਆ ਗਿਆ ਹੈ। ‘ਖੇਡਾਂ ਵਤਨ ਪੰਜਾਬ ਦੀਆਂ-2023’ ਦੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰੀ ਮੁਕਾਬਲਿਆਂ ’ਚ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ ਗਈ। ਦੋਵਾਂ ਕੈਬਨਿਟ ਮੰਤਰੀਆਂ ਦੇ ਨਿਰਦੇਸ਼ਾਂ ’ਤੇ ਸਕੂਲੀ ਖੇਡਾਂ ਤੇ ਸਕੂਲੀ ਪ੍ਰੀਖਿਆਵਾਂ ਅਨੁਸਾਰ ਖੇਡ ਮੁਕਾਬਲਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਖੇਡਾਂ ਅਤੇ ਪ੍ਰੀਖਿਆਵਾਂ ਲਈ ਬਰੋ-ਬਰਾਬਰ ਸਮਾਂ ਮਿਲ ਸਕੇ।  ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ 35 ਖੇਡਾਂ ਲਈ ਅੱਠ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਛੋਟੇ ਉਮਰ ਵਰਗਾਂ ’ਚ ਸਕੂਲੀ ਵਿਦਿਆਰਥੀ ਹੋਣ ਕਰਕੇ ਅੱਜ ਫ਼ੈਸਲਾ ਕੀਤਾ ਗਿਆ ਕਿ ਖੇਡ ਅਤੇ ਸਿੱਖਿਆ ਵਿਭਾਗ ਵੱਲੋਂ ਮਿਲ ਕੇ ਸਾਂਝਾ ਖੇਡ ਕੈਲੰਡਰ ਬਣਾਉਣ।

ਉਨ੍ਹਾਂ ਕਿਹਾ ਕਿ ਸਕੂਲੀ ਪ੍ਰੀਖਿਆਵਾਂ ਦੇ ਹਿਸਾਬ ਨਾਲ ਪ੍ਰੋਗਰਾਮ ਉਲੀਕਿਆ ਗਿਆ ਹੈ। ਹੁਣ ਬਲਾਕ ਪੱਧਰੀ ਟੂਰਨਾਮੈਂਟ 31 ਅਗਸਤ ਤੋਂ 9 ਸਤੰਬਰ, ਜ਼ਿਲ੍ਹਾ ਪੱਧਰੀ ਟੂਰਨਾਮੈਂਟ 26 ਸਤੰਬਰ ਤੋਂ 5 ਅਕਤੂਬਰ ਅਤੇ ਸੂਬਾ ਪੱਧਰੀ ਟੂਰਨਾਮੈਂਟ 10 ਤੋਂ 25 ਅਕਤੂਬਰ ਤੱਕ ਹੋਣਗੇ।

ਇਹ ਵੀ ਪੜ੍ਹੋ : ਭਾਜਪਾ ਨੂੰ ਸੁਖਬੀਰ ਦੀ ਸਿਆਸੀ ‘ਬੜਕ’ ਦੇ ਕਈ ਮਾਇਨੇ!, ਦੋਹਾਂ ਨੂੰ ਸਹਾਰੇ ਦੀ ਲੋੜ

ਛੋਟੇ ਉਮਰ ਵਰਗਾਂ ਦੇ ਬਲਾਕ ਮੁਕਾਬਲੇ ਅਗਲੀਆਂ ਤਰੀਕਾਂ ’ਚ ਹੋਣਗੇ ਅਤੇ ਜ਼ਿਲ੍ਹਾ ਮੁਕਾਬਲੇ ਅਖਰੀਲੀਆਂ ਤਰੀਕਾਂ ’ਚ ਹੋਣਗੇ ਤਾਂ ਜੋ ਖਿਡਾਰੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ ਅਤੇ ਪ੍ਰੀਖਿਆ ਦੀ ਤਿਆਰੀ ਕਰ ਸਕਣ। ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਬਠਿੰਡਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡਾਂ ਦਾ ਉਦਘਾਟਨ ਕਰਨਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਖੇਡਾਂ ਦੇ ਮੁਕਾਬਲਿਆਂ ਦੀਆਂ ਤਰੀਕਾਂ ਅਨੁਸਾਰ ਹੀ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆਵਾਂ ਦੀ ਡੇਟਸ਼ੀਟ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਖੇਡਾਂ ’ਚ ਹਿੱਸਾ ਲੈ ਸਕਣ। ਉਨ੍ਹਾਂ ਕਿਹਾ ਕਿ ਬਲਾਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦਰਮਿਆਨ ਸਮੇਂ ਦੌਰਾਨ ਪ੍ਰੀਖਿਆਵਾਂ ਲਈਆਂ ਜਾਣਗੀਆਂ। ਮੀਟਿੰਗ ’ਚ ਵਿਸ਼ੇਸ਼ ਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਸਰਵਜੀਤ ਸਿੰਘ, ਸਕੱਤਰ ਸਕੂਲ ਸਿੱਖਿਆ ਕੇ. ਕੇ. ਯਾਦਵ, ਵਿਸ਼ੇਸ਼ ਸਕੱਤਰ ਖੇਡਾਂ ਆਨੰਦ ਕੁਮਾਰ, ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਫਿਜੀਕਲ ਐਜੂਕੇਸ਼ਨ) ਸੁਨੀਲ ਕੁਮਾਰ ਅਤੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ ਝੱਲਣ ਵਾਲੇ ਹਰ ਵਿਅਕਤੀ ਲਈ ਪੰਜਾਬ ਸਰਕਾਰ ਵਲੋਂ ਵੱਡਾ ਐਲਾਨ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha