ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

07/13/2018 6:10:46 AM

 ਕੋਟਕਪੂਰਾ (ਨਰਿੰਦਰ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲਾ ਫਰੀਦਕੋਟ ਦੀ ਮੀਟਿੰਗ ਜ਼ਿਲਾ ਪ੍ਰਧਾਨ ਡਾ. ਜਗਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ  ਲਾਲ ਲਾਜਪਤ ਰਾਏ ਪਾਰਕ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਜਥੇਬੰਦਕ ਸਕੱਤਰ ਡਾ. ਜਗਦੇਵ ਸਿੰਘ ਚਹਿਲ, ਸੂਬਾ ਮੀਤ ਪ੍ਰਧਾਨ ਡਾ. ਕੇਵਲ ਕ੍ਰਿਸ਼ਨ ਢੀਮਾਂਵਾਲੀ ਵੱਲੋਂ ਸੂਬੇ ’ਚ ਕੀਤੀਆਂ ਜਾ ਰਹੀਆਂ ਸਰਗਰਮੀਅਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਸਟੇਟ ਕਮੇਟੀ ਮੈਂਬਰ ਡਾ. ਜਰਨੈਲ ਸਿੰਘ ਡੋਡ, ਡਾ. ਕਸ਼ਮੀਰ ਸਿੰਘ, ਡਾ. ਬਲਵਿੰਦਰ ਸਿੰਘ ਬਰਗਾਡ਼ੀ ਅਤੇ ਜ਼ਿਲਾ ਜਨਰਲ ਸਕੱਤਰ ਡਾ. ਗੁਰਪਾਲ ਸਿੰਘ ਮੌਡ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ  ਲਹਿਰ ਨੂੰ ਜਥੇਬੰਦੀ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਮੈਂਬਰ ਪਿੰਡ ਅਤੇ ਸ਼ਹਿਰਾਂ ’ਚ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੇ ਹਨ।
ਇਸ ਦੌਰਾਨ ਜ਼ਿਲਾ ਸਰਪ੍ਰਸਤ ਵੈਦ ਬਗੀਚਾ ਸਿੰਘ, ਜ਼ਿਲਾ ਪ੍ਰੈੱਸ ਸਕੱਤਰ ਡਾ. ਕਰਮ ਸਿੰਘ ਢਿੱਲਵਾਂ, ਮੀਤ ਪ੍ਰਧਾਨ ਡਾ. ਜਗਸੀਰ ਸਿੰਘ ਅਤੇ ਡਾ. ਕੌਰ ਸਿੰਘ ਸੁਰਘੂਰੀ ਨੇ ਕਿਹਾ ਕਿ ਉਨ੍ਹਾਂ ਦੀ ਪੁਲਸ ਵਿਭਾਗ ਨੂੰ ਬੇਨਤੀ ਹੈ ਕਿ ਉਹ ਨਸ਼ਿਆਂ ਦੀ ਰੋਕਥਾਮ ਦੀ ਆਡ਼ ’ਚ ਕਿਸੇ ਵੀ ਮੈਡੀਕਲ ਪ੍ਰੈਕਟੀਸ਼ਨਰ ਨੂੰ ਤੰਗ-ਪ੍ਰੇਸ਼ਾਨ ਨਾ ਕਰੇ ਕਿਉਂਕਿ ਜਥੇਬੰਦੀ ਦਾ ਕੋਈ ਵੀ ਮੈਂਬਰ ਨਸ਼ੇ ਦਾ ਕਾਰੋਬਾਰ ਨਹੀਂ ਕਰਦਾ।
ਇਸ ਸਮੇਂ ਡਾ. ਐੱਚ. ਐੱਸ. ਵੋਹਰਾ, ਡਾ. ਰਸ਼ਪਾਲ ਸਿੰਘ ਸੰਧੂ, ਡਾ. ਸੁਖਚੈਨ ਸਿੰਘ ਅਤੇ ਡਾ. ਗੁਰਨੈਬ ਸਿੰਘ ਮੱਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੈਪਟਨ ਸਰਕਾਰ ਆਪਣੇ ਚੋਣ ਵਾਅਦਿਅਾਂ ਨੂੰ ਯਾਦ ਕਰਦੇ ਹੋਏ ਜਲਦ ਹੀ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰਜਿਸਟਰੇਸ਼ਨ ਕਰ ਕੇ ਅਤੇ ਬਾਹਰਲੇ ਸੂਬਿਅਾਂ ਤੋਂ ਰਜਿਸਟਰਡ ਮੈਂਬਰਾਂ ਨੂੰ ਪ੍ਰੈਕਟਿਸ ਦਾ ਕਾਨੂੰਨੀ ਅਧਿਕਾਰ ਦੇ ਕੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਆਪਣੀ ਟਾਲ-ਮਟੋਲ ਵਾਲੀ ਨੀਤੀ ਨੂੰ ਬੰਦ ਕਰੇ, ਨਹੀਂ ਤਾਂ ਜਥੇਬੰਦੀ ਆਮ ਲੋਕਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਛੇਡ਼ੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਡਾ. ਹਰਭਜਨ ਸਿੰਘ, ਡਾ. ਗੁਰਦੀਪ ਸਿੰਘ, ਡਾ. ਸੁਖਚੈਨ, ਡਾ. ਮੰਦਰ ਸਿੰਘ, ਡਾ. ਅਮਰਬੀਰ ਸਿੰਘ, ਡਾ. ਰਛਪਾਲ ਸਿੰਘ, ਡਾ. ਗੁਰਤੇਜ ਸਿੰਘ ਆਦਿ ਹਾਜ਼ਰ ਸਨ।