ਐੱਮ. ਆਰ. ਨਾਲ ਮਿਲ ਕੇ ਦਵਾਈਆਂ ਦੇ ਕਾਰੋਬਾਰੀ ਵੇਚ ਰਹੇ ਸਨ ਮੈਡੀਕਲ ਨਸ਼ਾ, 4 ਗ੍ਰਿਫਤਾਰ

07/03/2018 6:35:38 AM

ਜਲੰਧਰ, (ਵਰੁਣ)- ਅੰਬਾਲਾ ਦੀ ਆਰੀਸਨ ਫਾਰਮਾਸਿਊਟੀਕਲਜ਼ ਕੰਪਨੀ ਦਾ ਐੱਮ. ਆਰ. ਤੇ ਕਪੂਰਥਲਾ, ਭੋਗਪੁਰ ਦੇ ਮੈਡੀਕਲ ਦੁਕਾਨਾਂ ਦੇ ਮਾਲਕਾਂ ਨੂੰ ਸੀ. ਆਈ. ਏ. ਸਟਾਫ ਕਮਿਸ਼ਨਰੇਟ ਨੇ ਨਸ਼ੇ ਵਾਲੀਆਂ ਗੋਲੀਆਂ ਤੇ ਟੀਕਿਆਂ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ।
ਐੱਮ. ਆਰ. ਆਪਣੀ ਕੰਪਨੀ ਤੋਂ ਆਰਡਰ ਦਾ ਬਹਾਨਾ ਬਣਾ ਕੇ ਨਸ਼ੇ ਵਾਲੀਆਂ ਗੋਲੀਆਂ ਤੇ ਟੀਕੇ ਸਪਲਾਈ ਕਰਦਾ ਸੀ, ਜਿਸ ਤੋਂ ਬਾਅਦ ਮੈਡੀਕਲ ਸਟੋਰ ਵਾਲੇ ਨਸ਼ੇ ਵਾਲੀਆਂ ਦਵਾਈਆਂ ਅੱਗੇ ਵੇਚ ਦਿੰਦੇ ਸਨ ਤੇ ਉਸ ਤੋਂ ਬਾਅਦ ਮੈਡੀਕਲ ਨਸ਼ਾ ਨਸ਼ੇੜੀਆਂ ਤੱਕ ਪਹੁੰਚ ਜਾਂਦਾ ਸੀ। ਪੁਲਸ ਨੇ ਇਨ੍ਹਾਂ ਲੋਕਾਂ ਕੋਲੋਂ 33,200 ਗੋਲੀਆਂ ਤੇ 68 ਟੀਕੇ ਬਰਾਮਦ ਕੀਤੇ ਹਨ।
ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਅਜੇ ਸਿੰਘ ਦੀ ਅਗਵਾਈ 'ਚ ਮੋਹਨ ਸਿੰਘ ਤੇ ਏ. ਐੱਸ. ਆਈ. ਬ੍ਰਹਮ ਲਾਲ ਨੇ ਗੁਪਤ ਸੂਚਨਾ 'ਤੇ ਇਕ ਕਾਲਜ ਕੋਲ ਨਹਿਰ ਦੀ ਪੁਲੀ 'ਤੇ ਰੇਡ ਕੀਤੀ ਸੀ। ਪੁਲਸ ਨੇ 4 ਲੋਕਾਂ ਨੂੰ ਘੇਰ ਕੇ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਤਾਂ ਨਸ਼ੇ ਵਾਲੀਆਂ ਗੋਲੀਆਂ ਤੇ ਟੀਕੇ ਬਰਾਮਦ ਹੋਏ। ਪੁੱਛਗਿੱਛ 'ਚ ਉਹ ਦਵਾਈਆਂ ਨਾਲ ਸਬੰਧਤ ਕੋਈ ਬਿੱਲ ਨਹੀਂ ਦਿਖਾ ਸਕੇ। ਮੁਲਜ਼ਮਾਂ ਦੀ ਪਛਾਣ ਰਜਿੰਦਰ ਕੁਮਾਰ ਉਰਫ ਬੌਬੀ ਪੁੱਤਰ ਮੋਤੀ ਦਾਸ ਵਾਸੀ ਗੁਰੂ ਨਾਨਕ ਨਗਰ ਕਪੂਰਥਲਾ, ਜਤਿਨ ਨੰਦਾ ਉਰਫ ਗੁਰੂ ਪੁੱਤਰ ਸੁਭਾਸ਼ ਚੰਦਰ ਵਾਸੀ ਲੋਹਾਰਾਂ ਮੁਹੱਲਾ ਕਰਤਾਰਪੁਰ, ਸਨਮਦੀਪ ਸਿੰਘ ਉਰਫ ਜਿੰਮੀ ਪੁੱਤਰ ਗੁਰਜੀਤ ਸਿੰਘ ਵਾਸੀ  ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਤੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ 10 ਭੋਗਪੁਰ ਵਜੋਂ ਹੋਈ ਹੈ।
ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਸਨਮਦੀਪ ਕੌਰ ਅੰਬਾਲਾ ਸਥਿਤ ਆਰੀਸਨ ਫਾਰਮਾਸਿਊਟੀਕਲਜ਼ 'ਚ ਐੱਮ. ਆਰ. ਹੈ, ਜਦਕਿ ਰਜਿੰਦਰ ਦਾ ਵੀ ਕਪੂਰਥਲਾ 'ਚ ਮੈਡੀਕਲ ਸਟੋਰ ਹੈ। ਜਤਿਨ ਨੰਦਾ ਤੇ ਪਰਮਜੀਤ ਦਾ ਭੋਗਪੁਰ 'ਚ ਮੈਡੀਕਲ ਸਟੋਰ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਐੱਮ. ਆਰ. ਸਨਮਦੀਪ ਇਨ੍ਹਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਤੋਂ ਆਰਡਰ ਦੇ ਬਹਾਨੇ ਨਸ਼ੇ  ਵਾਲੀਆਂ ਦਵਾਈਆਂ ਦਾ ਆਰਡਰ ਕੰਪਨੀ 'ਚ ਦਿੰਦਾ ਸੀ, ਜਿਸ ਤੋਂ ਬਾਅਦ ਉਹ ਬਿੱਲ ਲੈ ਕੇ ਸਾਰੀਆਂ ਦਵਾਈਆਂ ਉਕਤ ਮੈਡੀਕਲ ਸਟੋਰ ਦੇ ਮਾਲਕਾਂ ਤੱਕ ਪਹੁੰਚਾ ਕੇ ਬਿੱਲ ਵਾਪਸ ਲਿਜਾਂਦਾ ਸੀ। ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਕਿ ਤਿੰਨੋਂ ਮੈਡੀਕਲ ਸਟੋਰ ਦੇ ਮਾਲਕ ਦਵਾਈਆਂ ਸਟੋਰ ਕਰ ਲੈਂਦੇ ਸਨ, ਜਿਸ ਤੋਂ ਬਾਅਦ ਇਕੱਠੇ ਹੀ ਮੈਡੀਕਲ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਵੇਚ ਦਿੰਦੇ ਸਨ। ਪੁਲਸ ਅਨੁਸਾਰ ਚਾਰਾਂ ਮੁਲਜ਼ਮਾਂ ਦਾ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।