ਸ਼ਰੇਆਮ ਪਰੋਸੀ ਜਾ ਰਹੀ ਨਾਜਾਇਜ਼ ਸ਼ਰਾਬ

01/18/2018 7:46:01 AM

ਪਟਿਆਲਾ  (ਜੋਸਨ) - ਸੀ. ਐੱਮ. ਸਿਟੀ ਵਿਚ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਖ਼ਾਮੋਸ਼ੀ ਕਾਰਨ ਪੰਜਾਬ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ, ਸ਼ਹਿਰ ਦੇ ਕਈ ਹਿੱਸਿਆਂ ਵਿਚ ਢਾਬਿਆਂ ਤੇ ਚਿਕਨ ਸੈਂਟਰਾਂ ਵਿਚ ਸ਼ਰੇਆਮ ਨਾਜਾਇਜ਼ ਸ਼ਰਾਬ ਪਰੋਸੀ ਜਾ ਰਹੀ ਹੈ, ਜਿਹੜੀ ਕਿ ਸਰਕਾਰ ਨੂੰ ਚੂਨਾ ਲਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰ ਰਹੀ ਹੈ। ਲੋਕਾਂ ਦੀਆਂ ਆ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜ਼ਰ 'ਜਗ ਬਾਣੀ' ਵੱਲੋਂ ਅਜਿਹੇ ਢਾਬਿਆਂ ਤੇ ਚਿਕਨ ਸੈਂਟਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਹੋਇਆ ਹੈ ਕਿ ਇਨ੍ਹਾਂ ਢਾਬਿਆਂ ਤੇ ਚਿਕਨ ਸੈਂਟਰਾਂ ਦੇ ਮਾਲਕ ਨਾਜਾਇਜ਼ ਸ਼ਰਾਬ ਪਰੋਸ ਰਹੇ ਹਨ।
ਸ਼ਰਾਬ ਪਿਲਾਉਣ ਲਈ ਸਰਕਾਰ ਤੋਂ ਲੈਣੀ ਪੈਂਦੀ ਹੈ ਮਨਜ਼ੂਰੀ
ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਤੋਂ ਵਿਸ਼ੇਸ਼ ਮਨਜ਼ੂਰੀ ਲੈ ਕੇ ਹੀ ਕਿਸੇ ਵੀ ਦੁਕਾਨ, ਢਾਬੇ ਜਾਂ ਚਿਕਨ ਸੈਂਟਰ 'ਤੇ ਸ਼ਰਾਬ ਪਿਲਾਈ ਜਾ ਸਕਦੀ ਹੈ। ਇਸ ਲਈ ਵਿਸ਼ੇਸ਼ ਤੌਰ 'ਤੇ ਸ਼ਰਾਬ ਦੇ ਅਹਾਤੇ ਵੀ ਬਣੇ ਹੁੰਦੇ ਹਨ, ਜੋ ਕਿ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਹੁੰਦੇ ਹਨ ਅਤੇ ਇਨ੍ਹਾਂ ਲਈ ਸਰਕਾਰ ਹੀ ਬਹੁਤ ਘੱਟ ਥਾਵਾਂ ਨਿਰਧਾਰਿਤ ਕਰਦੀ ਹੈ ਪਰ ਹੈਰਾਨੀ ਹੈ ਕਿ ਸ਼ਹਿਰ ਪਟਿਆਲੇ ਵਿਚ ਥਾਂ-ਥਾਂ 'ਤੇ ਹੋ ਰਹੇ ਇਸ ਨਾਜਾਇਜ਼ ਧੰਦੇ ਨੇ ਐਕਸਾਈਜ਼ ਵਿਭਾਗ ਨੂੰ ਕਟਿਹਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।