ਨਗਰ ਨਿਗਮ ਨੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਤੇਜ਼ ਕੀਤੀ ਮੁਹਿੰਮ

11/22/2017 3:28:12 AM

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਦੇ ਕਮਿਸ਼ਨਰ ਹਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਗੁਰਮੇਲ ਸਿੰਘ ਦੀ ਅਗਵਾਈ ਵਿਚ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਘੰਟਾਘਰ, ਸੈਸ਼ਨ ਚੌਕ, ਸੁਤਹਿਰੀ ਰੋਡ, ਫਗਵਾੜਾ ਚੌਕ ਅਤੇ ਮਾਹਿਲਪੁਰ ਅੱਡੇ ਦੇ ਆਲੇ-ਦੁਆਲੇ ਦਾ ਦੌਰਾ ਕੀਤਾ। ਇਸ ਦੌਰਾਨ ਵੱਖ-ਵੱਖ ਦੁਕਾਨਦਾਰਾਂ ਦੇ 13 ਚਲਾਨ ਕੱਟੇ ਗਏ ਅਤੇ ਨਗਰ ਨਿਗਮ ਦੀ ਜਗ੍ਹਾ 'ਤੇ ਰੱਖੇ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ। 
ਉਨ੍ਹਾਂ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਦੀ ਹਦਾਇਤ ਵੀ ਕੀਤੀ। ਤਹਿਬਾਜ਼ਾਰੀ ਟੀਮ ਵਿਚ ਇੰਸਪੈਕਟਰ ਸੰਜੀਵ ਅਰੋੜਾ, ਅਮਿਤ ਕੁਮਾਰ, ਸੰਨੀ, ਕੁਲਵਿੰਦਰ ਸਿੰਘ ਅਤੇ ਪੁਲਸ ਵਿਭਾਗ ਦੇ ਕਰਮਚਾਰੀ ਵੀ ਸ਼ਾਮਲ ਸਨ।
ਮੁਕੇਰੀਆਂ, (ਜੱਜ)-ਪਿਛਲੇ ਕਾਫੀ ਸਮੇਂ ਤੋਂ ਸਥਾਨਕ ਜੀ. ਟੀ. ਰੋਡ, ਵੱਡਾ ਬਾਜ਼ਾਰ, ਹਾਜੀਪੁਰ ਰੋਡ ਬਾਜ਼ਾਰ, ਸਬਜ਼ੀ ਮੰਡੀ ਅਤੇ ਕਈ ਹੋਰ ਥਾਵਾਂ 'ਤੇ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਅਤੇ ਰੇਹੜੀਆਂ ਲਾ ਕੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅੱਜ ਐੱਸ. ਡੀ. ਐੱਮ. ਦੇ ਦਿਸ਼ਾ-ਨਿਰਦੇਸ਼ 'ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਕਮਲਜਿੰਦਰ ਸਿੰਘ ਦੀ ਅਗਵਾਈ 'ਚ ਉਕਤ ਨਾਜਾਇਜ਼ ਕਬਜ਼ੇ ਹਟਾਏ ਗਏ। 
ਇਸ ਮੌਕੇ ਟੀਮ ਵੱਲੋਂ ਕਬਜ਼ਾਧਾਰਕਾਂ ਦਾ ਸਾਮਾਨ ਜ਼ਬਤ ਕੀਤਾ ਗਿਆ ਅਤੇ ਅੱਗੇ ਤੋਂ ਨਾਜਾਇਜ਼ ਕਬਜ਼ੇ ਨਾ ਕਰਨ ਦੀ ਹਦਾਇਤ ਕੀਤੀ ਗਈ। ਇੰਸਪੈਕਟਰ ਗੁਰਨਾਮ ਸਿੰਘ, ਸੈਨੇਟਰੀ ਇੰਸਪੈਕਟਰ ਲਾਲ ਚੰਦ ਆਦਿ ਇਸ ਸਮੇਂ ਹਾਜ਼ਰ ਸਨ।