ਮਿਊਰ ਕਤਲਕਾਂਡ : ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਵੀ ਜੋੜੀ

11/28/2020 12:15:01 PM

ਲੁਧਿਆਣਾ (ਰਾਜ) : ਹੰਬੜਾਂ ਰੋਡ ਸਥਿਤ ਮਿਊਰ ਵਿਹਾਰ 'ਚ ਹੋਏ ਕਤਲਕਾਂਡ ਦੇ ਕੇਸ ’ਚ ਪਹਿਲਾਂ ਪੁਲਸ ਨੇ ਰਾਜੀਵ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ ਪਰ ਹੁਣ ਰਾਜੀਵ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਵੀ ਜੋੜ ਦਿੱਤੀ ਹੈ, ਜਿਸ 'ਚ ਪੁਲਸ ਨੇ ਮ੍ਰਿਤਕ ਗਰਿਮਾ ਦੇ ਪਿਤਾ ਅਤੇ ਭਰਾ ਨੂੰ ਨਾਮਜ਼ਦ ਕੀਤਾ ਹੈ। ਐੱਸ. ਐੱਚ. ਓ. ਇੰਸ. ਪਰਮਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜੀਵ ਨੇ ਵਾਰਦਾਤ ਤੋਂ ਪਹਿਲਾਂ ਇਕ ਖ਼ੁਦਕੁਸ਼ੀ ਨੋਟ ਲਿਖਿਆ ਸੀ, ਜਿਸ 'ਚ ਰਾਜੀਵ ਨੇ ਮ੍ਰਿਤਕ ਗਰਿਮਾ ਦੇ ਪਿਤਾ ਅਤੇ ਭਰਾ ’ਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਸਨ। ਉਸ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਹੁਣ ਦੋਵਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਸੀ ਮਾਮਲਾ
24 ਨਵੰਬਰ ਮੰਗਲਵਾਰ ਦੀ ਸਵੇਰ ਮਿਊਰ ਵਿਹਾਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਰਾਜੀਵ ਸੌਂਦਾ ਨੇ ਆਪਣੀ ਪਤਨੀ ਸੰਗੀਤਾ, ਬੇਟੇ ਆਸ਼ੀਸ਼, ਬਹੂ ਗਰਿਮਾ ਅਤੇ ਪੋਤੇ ਸੰਕੇਤ ਦੇ ਕੁਹਾੜੀ ਨਾਲ ਗਲੇ ਵੱਢ ਕੇ ਕਤਲ ਕਰ ਦਿੱਤਾ ਸੀ। ਮਰਨ ਤੋਂ ਪਹਿਲਾਂ ਸੰਕੇਤ ਨੇ ਆਪਣੇ ਮਾਮਾ ਨੂੰ ਕਾਲ ਕਰ ਕੇ ਦੱਸਿਆ ਸੀ। ਜਦੋਂ ਤੱਕ ਸੰਕੇਤ ਦੇ ਮਾਮਾ ਅਤੇ ਨਾਨਾ ਪੁੱਜੇ, ਵਾਰਦਾਤ ਹੋ ਚੁੱਕੀ ਸੀ। ਉਨ੍ਹਾਂ ਦੇ ਸਾਹਮਣੇ ਹੀ ਰਾਜੀਵ ਘਰੋਂ ਕਾਰ ਲੈ ਕੇ ਫਰਾਰ ਹੋ ਗਿਆ ਸੀ। ਪੁਲਸ ਨੂੰ ਪੁੱਜਣ ’ਤੇ ਘਰ ਦੇ ਅੰਦਰ ਚਾਰਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਇਕ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਸੀ। ਕੁੱਝ ਦੇਰ ਬਾਅਦ ਪੁਲਸ ਨੂੰ ਪਤਾ ਲੱਗਾ ਸੀ ਕਿ ਰਾਜੀਵ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਅਤੇ ਉਸ ਦੀ ਕਾਰ ਨੂੰ ਅੱਗ ਲੱਗ ਗਈ ਸੀ ਪਰ ਰਾਜੀਵ ਕਾਰ ਛੱਡ ਕੇ ਪੈਦਲ ਹੀ ਫਰਾਰ ਹੋ ਗਿਆ ਸੀ। ਘਟਨਾ ਤੋਂ 11 ਘੰਟਿਆਂ ਬਾਅਦ ਹੀ ਰਾਜੀਵ ਨੇ ਜਗਰਾਓਂ 'ਚ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ ਪਰ ਲੁਧਿਆਣਾ ਪੁਲਸ ਨੂੰ 26 ਨਵੰਬਰ ਨੂੰ ਪਤਾ ਲੱਗਾ ਸੀ।

Babita

This news is Content Editor Babita