ਮੁਹੱਲਾ ਕੌਲਸਰ ਦੇ ਵਸਨੀਕਾਂ ਨੇ ਕੀਤੀ ਮੇਅਰ ਤੇ ਅਕਾਲੀ-ਭਾਜਪਾ ਗਠਜੋੜ ਖਿਲਾਫ ਨਾਅਰੇਬਾਜ਼ੀ

08/11/2017 5:57:52 AM

ਫਗਵਾੜਾ, (ਜਲੋਟਾ)- ਮੁਹੱਲਾ ਕੌਲਸਰ ਖੋਥੜਾਂ ਰੋਡ ਫਗਵਾੜਾ ਵਿਖੇ ਡਾ. ਅੰਬੇਡਕਰ ਪਾਰਕ/ਭਵਨ 'ਚ ਜਲ ਸਪਲਾਈ ਦੀ ਟੈਂਕੀ ਦੀ ਉਸਾਰੀ ਦੇ ਮਾਮਲੇ ਨੂੰ ਲੈਕੇ ਨਗਰ ਨਿਗਮ ਫਗਵਾੜਾ ਦੇ ਮੇਅਰ ਦੇ ਦਫਤਰ 'ਚ ਭਾਰੀ ਹੰਗਾਮਾ ਹੋਇਆ। ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਕਲੱਬ ਰਜਿ. ਤੇ ਮੁਹੱਲਾ ਨਿਵਾਸੀ ਰਮੇਸ਼ ਕੌਲ ਕੌਲਸਰ ਅਤੇ ਹਰਭਜਨ ਸੁਮਨ ਸੂਬਾ ਪ੍ਰਧਾਨ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਅਗਵਾਈ ਹੇਠ ਮੇਅਰ ਨੂੰ ਇਕ ਮੰਗ ਪੱਤਰ ਦੇਣ ਲਈ ਪਹੁੰਚੇ ਸਨ, ਜਿਸ 'ਚ ਇਹ ਮੰਗ ਰੱਖੀ ਗਈ ਸੀ ਕਿ ਟੈਂਕੀ ਦੀ ਉਸਾਰੀ ਦੀ ਬਜਾਏ ਮੋਟਰ ਤੋਂ ਸਿੱਧੀ ਸਪਲਾਈ ਚਾਲੂ ਕੀਤੀ ਜਾਵੇ।
ਮੁਹੱਲਾ ਕੌਲਸਰ ਰੀਟਾ ਰਾਣੀ ਨੇ ਇਸ ਸਾਰੇ ਘਟਨਾਕ੍ਰਮ ਦੀ ਮੋਬਾਇਲ ਰਾਹੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸਦਾ ਮੁਹੱਲਾ ਕੌਲਸਰ ਦੇ ਵਸਨੀਕਾਂ ਨੇ ਸਖਤ ਇਤਰਾਜ਼ ਕੀਤਾ। ਜਿਸ 'ਤੇ ਦੋਵਾਂ ਧਿਰਾਂ ਵਿਚ ਟਕਰਾਅ ਦਾ ਮਾਹੌਲ ਬਣ ਗਿਆ। ਵੀਡੀਓ ਬਣਾਉਣ ਦਾ ਵਿਰੋਧ ਕਰ ਰਹੇ ਮੁਹੱਲਾ ਕੌਲਸਰ ਵਾਸੀਆਂ ਵਲੋਂ ਅਕਾਲੀ-ਭਾਜਪਾ ਗਠਜੋੜ ਅਤੇ ਮੇਅਰ ਦੇ ਖਿਲਾਫ ਕਰੀਬ ਅੱਧਾ ਘੰਟਾ ਨਾਅਰੇਬਾਜ਼ੀ ਹੁੰਦੀ ਰਹੀ। 
ਅਖੀਰ ਮੇਅਰ ਨੇ ਭਰੋਸਾ ਦਿੱਤਾ ਕਿ ਇਹ ਮਸਲਾ ਸੀਵਰੇਜ ਬੋਰਡ ਦੇ ਨੋਟਿਸ ਵਿਚ ਲਿਆ ਦਿੱਤਾ ਗਿਆ ਹੈ, ਜੋ ਵੀ ਉਚਿਤ ਹੱਲ ਹੋ ਸਕੇਗਾ ਕਰ ਦਿੱਤਾ ਜਾਵੇਗਾ। ਮੁਹੱਲਾ ਨਿਵਾਸੀਆਂ ਤੇ ਕਲੱਬ ਮੈਂਬਰਾਂ ਨੇ ਕਿਹਾ ਕਿ ਪਾਰਕ ਦੇ ਉਪਰੋਂ 132 ਕੇ. ਵੀ. ਦੀਆਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ, ਜਿਸ ਕਰਕੇ ਪਾਣੀ ਦੀ ਟੈਂਕੀ ਨਹੀਂ ਉਸਾਰੀ ਜਾ ਸਕਦੀ। ਇਸ ਤੋਂ ਇਲਾਵਾ ਨਜ਼ਦੀਕ ਹੀ ਪ੍ਰਾਇਮਰੀ ਸਕੂਲ ਵੀ ਹੈ। ਉਨ੍ਹਾਂ ਕਿਹਾ ਕਿ ਹੋਰ ਮੁਹੱਲਿਆਂ 'ਚ ਜਦੋਂ ਬਿਨਾਂ ਟੈਂਕੀ ਉਸਾਰੇ ਪਾਣੀ ਦੀ ਸਪਲਾਈ ਦਿੱਤੀ ਜਾ ਸਕਦੀ ਹੈ ਤਾਂ ਇਥੇ ਟੈਂਕੀ ਉਸਾਰਨ ਦੀ ਜਿੱਦ ਦੇ ਪਿੱਛੇ ਨਗਰ ਨਿਗਮ ਫਗਵਾੜਾ ਦਾ ਕੀ ਮਕਸਦ ਹੈ? ਜੇਕਰ ਫਿਰ ਵੀ ਟੈਂਕੀ ਦੀ ਉਸਾਰੀ ਕਰਨੀ ਹੈ ਤਾਂ ਪਾਰਕ ਤੋਂ ਬਾਹਰ ਪਈ ਸਰਕਾਰੀ ਜਗ੍ਹਾ 'ਤੇ ਇਹ ਉਸਾਰੀ ਕੀਤੀ ਜਾ ਸਕਦੀ ਹੈ ਜਿਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ 11 ਅਗਸਤ ਨੂੰ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾਵੇਗੀ। 
ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਘ, ਭਾਗਮਲ, ਮਨਜੀਤ ਸਿੰਘ, ਬੰਟੀ, ਸਨੀ ਕੁਮਾਰ, ਨਰੇਸ਼ ਕੁਮਾਰ, ਬੌਬੀ ਖਾਲਸਾ, ਹਰਪ੍ਰੀਤ, ਕੋਮਲਜੋਤ, ਗੁਰਦੀਪ, ਰਾਜਕੁਮਾਰ, ਸਤਿਆ ਦੇਵੀ, ਕੁਲਦੀਪ ਕੌਰ, ਜਸਵਿੰਦਰ ਕੌਰ, ਤਾਰੋ ਦੇਵੀ, ਸਵਰਨ ਕੌਰ, ਵਿਦਿਆ ਦੇਵੀ, ਮੀਨਾ ਰਾਣੀ, ਗੁਰਦੇਵ ਕੌਰ, ਰਾਣੋ, ਨਿੰਮੋ, ਮਨਜੀਤ ਕੌਰ ਆਦਿ ਹਾਜ਼ਰ ਸਨ।