ਚਰਚਾ ਹਰ ਜ਼ੁਬਾਨ ''ਤੇ, ਕੌਣ ਬਣੇਗਾ ਮੇਅਰ!

03/05/2018 12:55:46 PM

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ 'ਚ ਨਗਰ ਨਿਗਮ ਦੀਆਂ ਵੋਟਾਂ ਪੈਣ ਤੋਂ ਬਾਅਦ ਨਤੀਜੇ ਕਾਂਗਰਸ ਦੇ ਹੱਕ 'ਚ ਆਉਣ 'ਤੇ ਹੁਣ ਕਾਂਗਰਸ ਪਾਰਟੀ ਕਿਸੇ ਵੇਲੇ ਵੀ ਮੇਅਰ, ਸੀਨੀਅਰ ਮੇਅਰ, ਡਿਪਟੀ ਮੇਅਰ ਦੇ ਅਹੁਦੇ ਦਾ ਐਲਾਨ ਕਰ ਸਕਦੀ ਹੈ ਪਰ ਸਭ ਤੋਂ ਪਹਿਲੀ ਪ੍ਰਕਿਰਿਆ ਨਿਗਮ ਦੇ ਹਾਊਸ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਜੋ ਪਟਿਆਲਾ ਦੇ ਕਮਿਸ਼ਨਰ ਜਿੱਤੇ ਹੋਏ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਸਹੁੰ ਚੁਕਾਉਣਗੇ। ਇਸ ਤੋਂ ਤੁਰੰਤ ਬਾਅਦ ਜਾਂ ਇਕ ਦੋ ਦਿਨਾਂ ਬਾਅਦ ਕਾਂਗਰਸ ਪਾਰਟੀ ਉਪਰੋਕਤ ਤਿੰਨ ਵੱਡੇ ਵੱਕਾਰੀ ਅਹੁਦਿਆਂ ਦਾ ਐਲਾਨ ਕਰ ਕੇ ਜਿਸ ਵੀ ਕੌਂਸਲਰ 'ਤੇ ਕਲਗੀ ਲੱਗਣੀ ਹੋਵੇਗੀ ਉਸ 'ਤੇ ਲਾ ਦੇਵੇਗੀ ਪਰ ਅੱਜ ਦੀ ਤਰੀਕ 'ਚ ਲੁਧਿਆਣੇ 'ਚ ਹਰ ਸ਼ਹਿਰ ਵਾਸੀ ਦੀ ਜ਼ੁਬਾਨ 'ਤੇ ਇਕੋ ਸੁਆਲ ਹੈ ਕੌਣ ਬਣੇਗਾ ਮੇਅਰ? ਜਿੰਨੇ ਮੂੰਹ ਓਨੀਆਂ ਗੱਲਾਂ ਤੇ ਵੱਖ-ਵੱਖ ਨਾਵਾਂ 'ਤੇ ਚਰਚਾ ਦਾ ਬਾਜ਼ਾਰ ਗਰਮ ਦੱਸਿਆ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਜਿਨ੍ਹਾਂ ਕੌਂਸਲਰਾਂ 'ਤੇ ਅੱਖ ਰੱਖ ਕੇ ਚੱਲ ਰਹੀ ਹੈ ਉਨ੍ਹਾਂ 'ਚ ਜੇਕਰ ਲੇਡੀਜ਼ ਮੇਅਰ ਦੀ ਗੱਲ ਚੱਲੀ ਤਾਂ ਮਮਤਾ ਆਸ਼ੂ ਦਾ ਨਾਂ ਪਹਿਲੀ ਕਤਾਰ ਵਿਚ ਹੋਵੇਗਾ। ਇਸੇ ਤਰ੍ਹਾਂ ਜੋ ਮਹਾਨਗਰ ਵਿਚ ਕਾਂਗਰਸੀ ਕੌਂਸਲਰ ਦੀ ਗੱਲ ਚੱਲ ਰਹੀ ਹੈ, ਉਨ੍ਹਾਂ ਵਿਚ ਬਲਕਾਰ ਸੰਧੂ, ਪਾਲ ਸਿੰਘ ਗਰੇਵਾਲ, ਜ਼ਿਲਾ ਪ੍ਰਧਾਨ ਗੁਰਪ੍ਰੀਤ ਗੋਗੀ ਦੇ ਨਾਵਾਂ ਦੀ ਚਰਚਾ ਸਿਖਰਾਂ 'ਤੇ ਚੱਲ ਰਹੀ ਹੈ। ਬਾਕੀ ਦੇਖਦੇ ਹਾਂ ਕਿ ਕਿਸ ਦੀ ਲੱਗਦੀ ਹੈ ਲਾਟਰੀ।