ਅਕਾਲੀ-ਭਾਜਪਾ ਨੂੰ ਝਟਕਾ, ਕੁਲਵੰਤ ਸਿੰਘ ਬਣੇ ਮੋਹਾਲੀ ਦੇ ਮੇਅਰ (ਵੀਡੀਓ)

08/28/2015 10:15:34 PM

ਮੋਹਾਲੀ : ਨਗਰ-ਨਿਗਮ ਦੀਆਂ ਚੋਣਾ ਹੋਣ ਤੋਂ ਛੇ ਮਹੀਨੇ ਬਾਅਦ ਆਖਿਰਕਾਰ ਮੋਹਾਲੀ ਦਾ ਮੇਅਰ ਚੁਣ ਲਿਆ ਗਿਆ ਹੈ। ਆਜ਼ਾਦ ਗਰੁੱਪ ਦੇ ਕੁਲਵੰਤ ਸਿੰਘ ਮੋਹਾਲੀ ਦੇ ਨਵੇਂ ਮੇਅਰ ਹੋਣਗੇ ਜਦਕਿ ਕਾਂਗਰਸ ਦੇ ਰਿਸ਼ਵ ਜੈਨ ਸੀਨੀਅਰ ਡਿਪਟੀ ਮੇਅਰ ਅਤੇ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਚੋਣ ਜਿੱਤੇ ਮਨਜੀਤ ਸੇਠੀ ਡਿਪਟੀ ਮੇਅਰ ਹੋਣਗੇ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਇਸ ਚੋਣ ਦਾ ਬਾਇਕਾਟ ਕੀਤਾ ਹੈ ਅਤੇ ਚੋਣ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ। ਕੁਲਵੰਤ ਸਿੰਘ ਦੀ ਚੋਣ ਨੂੰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਗਠਜੋੜ ਨੂੰ ਬਹੁਮਤ ਲਈ ਸਿਰਫ 3 ਕੌਂਸਲਰਾਂ ਦੀ ਲੋੜ ਸੀ ਅਤੇ ਇਹ ਗਠਜੋੜ ਤਿੰਨ ਕੌਂਸਲਰਾਂ ਨੂੰ ਵੀ ਆਪਣੇ ਨਾਲ ਆਉਣ ''ਤੇ ਸਹਿਮਤ ਨਹੀਂ ਕਰ ਸਕਿਆ। 50 ਕੌਂਸਲਰਾਂ ਵਾਲੀ ਮੋਹਾਲੀ ਨਗਰ-ਨਿਗਮ ਵਿਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ 23 ਮੈਂਬਰ ਸਨ। ਕਾਂਗਰਸ ਕੋਲ 14 ਕੌਂਸਲਰ ਸਨ ਅਤੇ ਇਕ ਵਿਧਾਇਕ ਵੀ ਕਾਂਗਰਸ ਦਾ ਹੈ।
ਆਜ਼ਾਦ ਪਾਰਟੀ ਕੋਲੋਂ ਕੁੱਲ 10 ਕੌਂਸਲਰ ਹਨ ਜਦਕਿ ਦੋ ਕੌਂਸਲਰ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤੇ ਇਕ ਕੌਂਸਲਰ ਦੀ ਮੌਤ ਹੋ ਚੁੱਕੀ ਹੈ। ਮੋਹਾਲੀ ਦੇ ਮੇਅਰ ਦੀ ਚੋਣ ਪਿਛਲੇ ਛੇ ਮਹੀਨੇ ਤੋਂ ਲਟਕ ਰਹੀ ਸੀ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕਰੋਟ ਵਲੋਂ 18 ਅਗਸਤ ਨੂੰ ਇਹ ਚੋਣ ਕਰਵਾਉਣ ਦਾ ਹੁਕਮ ਹੋਇਆ ਸੀ ਪਰ 18 ਅਗਸਤ ਨੂੰ ਚੋਣ ਦੌਰਾਨ ਹੰਗਾਮਾ ਮਚ ਗਿਆ ਅਤੇ ਹਾਈਕੋਰਟ ਨੇ 28 ਅਗਸਤ ਨੂੰ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ।

Gurminder Singh

This news is Content Editor Gurminder Singh