ਜਾਨ ਲੇਵਾ ਹੋ ਸਕਦੈ ਮਹਾਨਗਰ ਦੀਆਂ ਸਡ਼ਕਾਂ ਦਾ ਸਫਰ, ਤਿੰਨ ਜਗ੍ਹਾ ਪਏ ਟੋਏ

07/17/2018 3:29:06 AM

ਲੁਧਿਆਣਾ(ਹਿਤੇਸ਼)- ਮਹਾਨਗਰ ਦੀਆਂ ਸਡ਼ਕਾਂ ਦਾ ਸਫਰ ਜਾਨ ਲੇਵਾ ਹੋ ਸਕਦਾ  ਹੈ, ਜਿਸ ਦੇ ਸੰਕੇਤ ਸੋਮਵਾਰ ਨੂੰ ਬਾਰਿਸ਼ ਦੇ ਬਾਅਦ ਤਿੰਨ ਥਾਵਾਂ ਸਡ਼ਕ ਧੱਸਣ ਦਾ ਮਾਮਲੇ  ਸਾਹਮਣੇ ਆਉਣ ਤੋਂ ਮਿਲਦੇ ਹਨ। ਹਾਲਾਂਕਿ ਇਸ ਵਜ੍ਹਾ ਨਾਲ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ  ਹੋਇਆ ਲੇਕਿਨ ਸਡ਼ਕਾਂ ਵਿਚ ਟੋਏ ਪੈਣ ਦੀ ਸੂਚਨਾ ਮਿਲਣ ’ਤੇ ਰਸਤਾ ਬੰਦ ਕਰਨ ਦੇ ਬਾਅਦ  ਟੋਇਆਂ ਦੀ ਚੌਡ਼ਾਈ ਤੇ ਡੁੰਘਾਈ ਵਧਦੀ ਚਲੀ ਗਈ। ਅਜਿਹੇ ਵਿਚ ਇਹ ਕਹਿਣਾ ਗਲਤ ਨਹੀਂ  ਹੋਵੇਗਾ ਕਿ ਜੇਕਰ ਵਾਹਨਾਂ ਦੀ ਆਵਾਜਾਈ ਦੌਰਾਨ ਉਸ ਜਗ੍ਹਾ ’ਤੇ ਇਕ ਦਮ ਵੱਡੇ ਟੋਏ ਪੈ  ਜਾਂਦੇ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਨ੍ਹਾਂ ਪੁਆਇੰਟਾਂ ਦਾ ਦੌਰਾ ਕਰਕੇ  ਮੇਅਰ ਬਲਕਾਰ ਸੰਧੂ ਨੇ ਟੋਏ ਪੈਣ ਦੇ ਕਾਰਨਾਂ ਦੀ ਜਾਂਚ ਕਰ ਕੇ ਰਿਪੋਰਟ ਦੇਣ ਲਈ ਅਫਸਰਾਂ  ਨੂੰ ਤੇਜ਼ੀ ਨਾਲ ਬਚਾਅ ਕਾਰਜ ਕਰਕੇ ਸਡ਼ਕਾਂ ਜਲਦੀ ਟਰੈਫਿਕ ਲਈ ਖੋਲ੍ਹਣ ਦੇ ਹੁਕਮ ਜਾਰੀ  ਕੀਤੇ।
ਸੀਵਰੇਜ ਦੇ ਗਲਤ ਤਰੀਕੇ ਨਾਲ ਕੀਤੇ ਕੁਨੈਕਸ਼ਨ ਵੀ ਹਨ ਵਜ੍ਹਾ
  ਮੋਬਾਇਲ ਤੇ ਕੇਬਲ ਕੰਪਨੀਆਂ ਵੱਲੋਂ ਅੰਡਰ ਗਰਾਉਂਡ ਤਾਰਾਂ ਪਾਉਣ ਲਈ ਮਸ਼ੀਨ ਨਾਲ ਪੁਟਾਈ  ਕਰਨ ਦੇ ਇਲਾਵਾ ਸਡ਼ਕਾਂ ਦੇ ਧੱਸਣ ਦੀ ਇਕ ਹੋਰ ਵਜ੍ਹਾ ਠੀਕ ਤਰੀਕੇ ਨਾਲ ਸੀਵਰੇਜ ਦੇ  ਕੁਨੈਕਸ਼ਨ ਨਾ ਕਰਨ ਦੇ ਰੂਪ ਵਿਚ ਸਾਹਮਣੇ ਆਈ ਹੈ ਕਿਉਂਕਿ ਜੋ ਮੇਨਹਾਲ ਟੁੱਟੇ ਹਨ। ਉਨ੍ਹਾਂ  ਵਿਚ ਕਈ ਕੁਨੈਕਸ਼ਨ ਕੀਤੇ ਹੋਏ ਹਨ ਜਿਨ੍ਹਾਂ ਲਈ ਸੀਵਰੇਜ ਦੀ ਕੰਧ ਤੋਡ਼ਨ ਦੇ ਬਾਅਦ ਉਸਨੂੰ  ਠੀਕ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਜਾਂਦਾ। ਜਿਸ ਪੁਆਇੰਟ ਵਿਚੋਂ ਪਾਣੀ ਦੇ ਰਿਸਣ ਦੇ  ਨਾਲ ਹੌਲੀ-ਹੌਲੀ ਮਿਟੀ ਖਿਸਕਣ ਦੇ ਬਾਅਦ ਉਥੇ ਟੋਏ ਬਣ ਰਹੇ ਹਨ।
ਮੋਬਾਇਲ ਤੇ ਕੇਬਲ ਕੰਪਨੀਆਂ ਦਾ ਨਾਂ ਲੈਣ ਲਈ ਤਿਆਰ ਨਹੀਂ ਅਫਸਰ
  ਹੁਣ ਤਕ ਕਿਸੇ ਵੀ ਜਗ੍ਹਾ ਸਡ਼ਕਾਂ ਧੱਸਣ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੀ ਜਾਂਚ  ਦੌਰਾਨ ਮੁੱਖ ਤੌਰ ’ਤੇ ਇਹੀ ਵਜ੍ਹਾ ਸਾਹਮਣੇ ਆਈ ਹੈ ਕਿ ਮੋਬਾਇਲ ਤੇ ਕੇਬਲ ਕੰਪਨੀਆਂ  ਵੱਲੋਂ ਅੰਡਰ ਗਰਾਉਂਡ ਤਾਰਾਂ ਪਾਉਣ ਲਈ ਮਸ਼ੀਨ ਨਾਲ ਪੁਟਾਈ ਕਰਨ ਦੌਰਾਨ ਪਾਣੀ-ਸੀਵਰੇਜ  ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਲੀਕੇਜ ਹੋਣ ਨਾਲ ਮਿੱਟੀ ਖਿਸਕ ਗਈ ਹੈ। ਹੁਣ  ਵੀ ਜਿਨ੍ਹਾਂ ਤਿੰਨ ਪੁਆਇੰਟਾਂ ’ਤੇ ਸਡ਼ਕਾਂ ਧੱਸਣ ਦੇ ਮਾਮਲੇ ਸਾਹਮਣੇ ਆਏ, ਉਨ੍ਹਾਂ  ਮੇਨਹਲਾਂ ਵਿਚ ਮੋਬਾਇਲ ਤੇ ਕੇਬਲ ਕੰਪਨੀਆਂ ਦੀਆਂ ਤਾਰਾਂ ਪਈਆਂ ਨਜ਼ਰ ਆਈਆਂ ਲੇਕਿਨ ਨਗਰ  ਨਿਗਮ ਦੇ ਅਧਿਕਾਰੀ ਹਨ ਕਿ ਕੇਬਲ ਪਾਉਣ ਲਈ ਸਡ਼ਕਾਂ ਪੁਟਣ ਦੀ ਮਨਜ਼ੂਰੀ ਦੇਣ ਦੀ ਇਵਜ਼  ਵਿਚ ਮਿਲਦੀ ਰਿਸ਼ਵਤ ਦੇ ਬਦਲੇ ਇਨ੍ਹਾਂ ਕੰਪਨੀਆਂ ਦਾ ਨਾਂ ਲੈਣ ਲਈ ਤਿਆਰ ਨਹੀਂ ਹਨ।
ਕਮਜ਼ੋਰ ਹੋ ਗਿਆ ਇੱਟਾਂ ਵਾਲਾ ਸੀਵਰੇਜ
  ਫਿਰੋਜ਼ਪੁਰ ਰੋਡ ਤੋਂ ਸੱਗੂ ਚੌਕ ਤਕ ਜਾਣ ਵਾਲੀ ਸਡ਼ਕ ’ਤੇ ਸੋਮਵਾਰ ਨੂੰ ਟੋਆ ਪਿਆ ਹੈ,  ਅਜਿਹੇ ਹਾਦਸੇ ਪਹਿਲਾਂ ਵੀ ਦੋ ਵਾਰ ਇਕ ਸਡ਼ਕ ’ਤੇ ਹੋ  ਚੁੱਕੇ ਹਨ, ਜਿਸ ਵਿਚ ਇਕ ਵਾਰੀ  ਤਾਂ ਪੂਰਾ ਟਰੱਕ ਹੀ ਟੋਏ ਵਿਚ ਧੱਸਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸਦੇ ਬਾਅਦ  ਕਿਚਲੂ ਨਗਰ ਦੇ ਬਾਹਰ ਬਹੁਤ ਵੱਡਾ ਟੋਆ ਪੈ ਗਿਆ, ਜਿਸ ਨੂੰ ਲੈ ਕੇ ਨਗਰ ਨਿਗਮ ਦੇ ਅਫਸਰਾਂ  ਦਾ ਕਹਿਣਾ ਹੈ ਕਿ ਇੱਟਾਂ ਵਾਲਾ ਸੀਵਰੇਜ ਕਾਫੀ ਸਮਾਂ ਪਹਿਲਾਂ ਬਣਾਇਆ ਗਿਆ ਸੀ, ਜੋ ਹੁਣ  ਕਮਜੋਰ ਹੋ ਗਿਆ ਹੈ ਅਤੇ ਕਿਤੇ ਇੱਟ ਨਿਕਲਣ ਤੇ ਪਾਣੀ ਦੇ ਰਿਸਣ ਦੀ ਵਜ੍ਹਾ ਨਾਲ ਸਡ਼ਕਾਂ  ਧੱਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੇ ਮੱਦੇਨਜਰ ਸੀਵਰੇਜ ਨੂੰ ਦੋਬਾਰਾ ਬਣਾਉਣ ਦੀ  ਲੋਡ਼ ਦੱਸੀ ਜਾ ਰਹੀ ਹੈ।