ਹਾਈ ਕੋਰਟ 'ਚ ਅੱਜ ਪੇਸ਼ ਹੋਵੇਗੀ ਮੌੜ ਧਮਾਕਾ ਮਾਮਲੇ ਦੀ ਰਿਪੋਰਟ

01/18/2020 10:07:25 AM

ਬਠਿੰਡਾ (ਵਰਮਾ) : 3 ਸਾਲ ਪਹਿਲਾਂ 2017 ਦੀਆਂ ਚੋਣਾਂ ਤੋਂ ਠੀਕ 4 ਦਿਨ ਪਹਿਲਾਂ 31 ਜਨਵਰੀ ਨੂੰ ਮੌੜ ਮੰਡੀ 'ਚ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਜਨ ਸਭਾ 'ਚ ਕਾਰ ਨਾਲ ਧਮਾਕਾ ਕਰ ਕੇ 6 ਲੋਕਾਂ ਦੀ ਜਾਨ ਲੈ ਲਈ ਗਈ ਸੀ, ਜਦਕਿ ਦਰਜਨ ਲੋਕ ਜ਼ਖਮੀ ਹੋ ਗਏ ਸੀ। ਕਈ ਵਾਰ ਇਸ ਮਾਮਲੇ ਦੀ ਜਾਂਚ ਹੋਈ ਪਰ ਅਧੂਰੀ ਰਹੀ ਤਾਂ ਪਾਤੜਾਂ ਦੇ ਗੁਰਜੀਤ ਸਿੰਘ ਵੱਲੋਂ ਉੱਚ ਅਦਾਲਤ 'ਚ ਐਡਵੋਕੇਟ ਮੋਹਿੰਦਰ ਜੋਸ਼ੀ ਰਾਹੀਂ ਪਟੀਸ਼ਨ ਦਾਇਰ ਕਰ ਕੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਉੱਚ ਅਦਾਲਤ ਨੇ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਨੂੰ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸੀ ਅਤੇ ਇਸਦੀ ਰਿਪੋਰਟ ਤਿੰਨ ਮਹੀਨੇ 'ਚ ਮੰਗੀ ਗਈ ਸੀ।

ਪੁਲਸ ਮਹਾਨਿਰਦੇਸ਼ਕ ਪੰਜਾਬ ਦਿਨਕਰ ਗੁਪਤਾ ਅਤੇ ਏ. ਡੀ. ਜੀ. ਪੀ. ਈਸ਼ਵਰ ਸਿੰਘ ਦੀ ਅਗਵਾਈ 'ਚ ਇਕ ਨਵੇਂ ਐੱਸ. ਆਈ. ਟੀ. ਤਿਆਰ ਕੀਤੀ ਗਈ, ਜਿਸ 'ਚ ਬਠਿੰਡਾ ਦੇ ਆਈ. ਜੀ. ਅਰੁਣ ਮਿੱਤਲ, ਰੋਪੜ ਦੇ ਆਈ. ਜੀ. ਅਮਿਤ ਪ੍ਰਸ਼ਾਦ ਅਤੇ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਨਵੀਂ ਐੱਸ. ਆਈ. ਟੀ. ਨੇ ਮੌੜ ਮੰਡੀ ਦਾ ਲਗਭਗ ਅੱਧੀ ਦਰਜਨ ਵਾਰ ਦੌਰਾ ਕੀਤਾ ਅਤੇ ਉਥੇ ਪੀੜਤਾਂ ਦੇ ਬਿਆਨ ਦਰਜ ਕਰਨ ਦੇ ਨਾਲ ਘਟਨਾ ਸਥਾਨ ਦਾ ਕਈ ਵਾਰ ਦੌਰਾ ਕੀਤਾ। ਇਸ ਦੀ ਰਿਪੋਰਟ ਲਗਭਗ ਤਿਆਰ ਹੋ ਚੁੱਕੀ ਹੈ ਜੋ ਸ਼ਨੀਵਾਰ ਨੂੰ ਹਾਈ ਕੋਰਟ 'ਚ ਪੇਸ਼ ਕਰਨ ਦੀ ਉਮੀਦ ਹੈ। ਬੇਸ਼ੱਕ ਇਸ ਮਾਮਲੇ 'ਚ ਪੁਲਸ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਇਹ ਕੋਰਟ ਦਾ ਮਾਮਲਾ ਹੈ। ਪੁਲਸ ਨੇ ਇਸ ਬੰਬ ਧਮਾਕੇ 'ਚ ਵਰਤੀ ਕਈ ਮਾਰੂਤੀ ਕਾਰ ਦੀ ਵੀ ਜਾਂਚ ਕੀਤੀ ਅਤੇ ਕਾਰ ਬਣਾਉਣ ਵਾਲੀ ਕੰਪਨੀ ਦੀ ਇਕ ਟੀਮ ਨੂੰ ਵੀ ਜਹਾਜ਼ ਰਾਹੀਂ ਬਠਿੰਡਾ ਲਿਆਂਦਾ ਗਿਆ ਸੀ। ਟੀਮ ਨੇ ਘਟਨਾ ਸਥਾਨ 'ਤੇ ਜਾ ਕੇ ਉਥੇ ਮਾਰੂਤੀ ਇੰਜਨ ਸਮੇਤ ਕੁਝ ਪਾਰਟਸ ਦੀ ਵੀ ਜਾਂਚ ਕੀਤੀ।

cherry

This news is Content Editor cherry