ਵਿਆਹੁਤਾ ਨਾਲ ਛੇੜਛਾੜ ਕਰਨ ਵਾਲਾ ਕਾਬੂ

10/02/2017 6:38:03 AM

ਫਰੀਦਕੋਟ (ਰਾਜਨ)- ਪਿੰਡ ਰੋਮਾਣਾ ਅਜੀਤ ਸਿੰਘ ਵਿਖੇ ਇਕ ਵਿਆਹੁਤਾ ਦੇ ਘਰ 'ਚ ਦਾਖਲ ਹੋ ਕੇ ਉਸ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਵਿਆਹੁਤਾ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। 
ਜਾਣਕਾਰੀ ਅਨੁਸਾਰ ਇਸ ਪਿੰਡ ਦੀ ਵਿਆਹੁਤਾ ਨੇ ਦੱਸਿਆ ਕਿ ਉਸ ਦਾ ਪਤੀ ਬਾਹਰ ਮਿਹਨਤ-ਮਜ਼ਦੂਰੀ ਕਰਦਾ ਹੈ ਅਤੇ ਉਹ ਤੇ ਉਸ ਦਾ ਸਹੁਰਾ ਆਪਣੇ ਘਰ ਦੇ ਵੱਖ-ਵੱਖ ਕਮਰਿਆਂ 'ਚ ਰਹਿੰਦੇ ਹਨ। ਵਿਆਹੁਤਾ ਨੇ ਦੱਸਿਆ ਕਿ ਬੀਤੀ 26 ਸਤੰਬਰ ਨੂੰ ਉਹ ਅਤੇ ਉਸ ਦਾ ਸਹੁਰਾ ਆਪਣੇ-ਆਪਣੇ ਕਮਰਿਆਂ 'ਚ ਸੁੱਤੇ ਪਏ ਸਨ ਤਾਂ ਸਵੇਰੇ ਕਰੀਬ ਸਾਢੇ 3 ਵਜੇ ਘਰ ਦਾ ਦਰਵਾਜ਼ਾ ਖੜਕਣ 'ਤੇ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੇ ਹੀ ਪਿੰਡ ਦਾ ਇਕ ਵਸਨੀਕ ਘਰ 'ਚ ਦਾਖਲ ਹੋ ਗਿਆ ਅਤੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ। 
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਵਿਅਕਤੀ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਇਸ ਮਾਮਲੇ 'ਚ ਸਹਾਇਕ ਥਾਣੇਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਛਾਣ ਮੁਤਾਬਕ ਦਰਜ ਮੁਕੱਦਮਾ ਨੰਬਰ 102 ਜੋ ਅਧੀਨ ਧਾਰਾ 451/354ਏ/506 ਮਿਤੀ 30 ਸਤੰਬਰ 2017 ਨੂੰ ਦਰਜ ਕੀਤਾ ਗਿਆ, ਵਿਚ ਸਬੰਧਿਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।