ਪਾਕਿਸਤਾਨ ''ਬਾਰੂਦ ਦੇ ਵਣਜ'' ਨਾਲ ਲਿਖ ਰਿਹੈ ਤਬਾਹੀ ਦਾ ਇਤਿਹਾਸ

06/21/2019 4:26:16 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਜੰਮੂ-ਕਸ਼ਮੀਰ ਦੇ ਦੋ ਰਸਤਿਆਂ ਰਾਹੀਂ ਅਕਤੂਬਰ 2008 'ਚ ਜਦੋਂ ਪਾਕਿਸਤਾਨ ਨਾਲ ਵਪਾਰ ਅਤੇ ਲੋਕਾਂ ਦੇ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤਾਂ ਉਦੇਸ਼ ਇਹੋ ਸੀ ਕਿ ਆਪਸੀ ਸਾਂਝ, ਸਦਭਾਵਨਾ ਵਧੇਗੀ ਅਤੇ ਇਕ-ਦੂਜੇ 'ਤੇ ਵਿਸ਼ਵਾਸ ਬਣੇਗਾ। ਇਨ੍ਹਾਂ ਵਿਚੋਂ  ਇਕ ਰਸਤਾ ਸ਼੍ਰੀਨਗਰ-ਮੁਜ਼ੱਫਰਾਬਾਦ ਦਾ ਸੀ ਅਤੇ ਦੂਜਾ ਪੁੰਛ-ਰਾਵਲਾਕੋਟ ਵਾਲਾ, ਜਿਸ 'ਤੇ ਭਾਰਤੀ  ਖੇਤਰ 'ਚ 'ਚੱਕਾਂ ਦਾ ਬਾਗ' ਵਿਖੇ ਬਾਰਟਰ ਟਰੇਡ ਸੈਂਟਰ ਸਥਾਪਤ ਕੀਤਾ ਗਿਆ। ਪਾਕਿਸਤਾਨੀ ਸੈਨਿਕਾਂ ਨੇ ਸਰਹੱਦ ਪਾਰ ਤੋਂ ਅਣਗਿਣਤ ਵਾਰ ਗੋਲੀਬਾਰੀ ਨਾਲ ਭਾਰਤੀ ਨਾਗਰਿਕਾਂ ਦਾ ਜਾਨੀ-ਮਾਲੀ ਨੁਕਸਾਨ ਕਰ ਕੇ ਇਸ ਵਪਾਰ ਨੂੰ ਢਾਹ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ ਪਰ ਭਾਰਤ ਨੇ ਇਹ ਸਭ ਸਹਿਣ ਕਰ ਕੇ ਵੀ ਆਪਣੇ ਵਲੋਂ ਇਹ ਸਿਲਸਲਾ ਬੰਦ ਨਹੀਂ ਕੀਤਾ। ਜਦੋਂ ਪੁਲਵਾਮਾ 'ਚ ਪਾਕਿਸਤਾਨੀ ਸਾਜ਼ਿਸ਼ਾਂ ਅਧੀਨ ਵੱਡਾ ਅੱਤਵਾਦੀ ਹਮਲਾ ਕਰ ਕੇ ਭਾਰਤੀ ਸੁਰੱਖਿਆ ਜਵਾਨਾਂ ਦੀਆਂ ਜਾਨਾਂ ਲਈਆਂ ਗਈਆਂ ਤਾਂ ਵੀ ਥੋੜ੍ਹੇ ਦਿਨ ਇਸ ਵਪਾਰ ਨੂੰ ਮੁਲਤਵੀ ਕਰਨ ਪਿੱਛੋਂ ਭਾਰਤ ਨੇ ਬਹਾਲ ਕਰ ਦਿੱਤਾ।

ਹੱਦ ਦੀ ਗੱਲ ਉਸ ਵੇਲੇ ਹੋਈ ਜਦੋਂ ਸਰਹੱਦ ਪਾਰ ਦੀ ਇਕ ਘਿਨਾਉਣੀ ਸਾਜ਼ਿਸ਼ ਸਾਹਮਣੇ ਆਈ, ਜਿਸ ਅਨੁਸਾਰ ਮੇਵਿਆਂ ਅਤੇ ਹੋਰ ਵਸਤਾਂ ਦੀ ਆੜ ਵਿਚ ਹਥਿਆਰ, ਗੋਲਾ-ਬਾਰੂਦ ਅਤੇ ਨਸ਼ੀਲੇ ਪਦਾਰਥ ਭੇਜ ਕੇ ਭਰੋਸੇ  ਨੂੰ ਸੱਟ ਮਾਰੀ ਜਾ ਰਹੀ ਸੀ। ਇਸ ਤਰ੍ਹਾਂ ਬਾਰੂਦ ਦੇ ਵਣਜ ਨਾਲ ਲਿਖੇ ਜਾ ਰਹੇ ਤਬਾਹੀ ਦੇ ਇਤਿਹਾਸ ਦਾ ਪਰਦਾਫਾਸ਼ ਹੁੰਦਿਆਂ ਹੀ ਭਾਰਤ ਨੇ ਇਸ ਦੁਵੱਲੇ ਵਪਾਰ ਨੂੰ ਬੰਦ ਕਰ ਦਿੱਤਾ। ਦੋਹਾਂ ਰਸਤਿਆਂ 'ਤੇ ਸਥਿਤ ਟਰੇਡ ਸੈਂਟਰਾਂ  ਦੇ ਬੂਹੇ ਪਾਕਿਸਤਾਨੀ ਵਸਤਾਂ ਲਿਆਉਣ ਵਾਲੇ ਟਰੱਕਾਂ ਲਈ ਬੰਦ ਕਰ ਦਿੱਤੇ ਗਏ।
ਖੂਨੀ ਖੇਡ ਲਈ ਰਚੀ ਜਾ ਰਹੀ ਇਸ ਸਾਜ਼ਿਸ਼ ਬਾਰੇ ਬਹੁਤ ਕੁਝ ਜਾਣਨ  ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ 516ਵੇਂ ਟਰੱਕ ਦੀ ਸਮੱਗਰੀ ਲੈ ਕੇ 'ਚੱਕਾਂ ਦਾ ਬਾਗ' ਨੇੜੇ ਸਥਿਤ ਪਿੰਡ ਅਜੋਟ (ਪੁੰਛ) ਵਿਖੇ ਪਹੁੰਚੀ ਸੀ। ਇਹ ਸਮੱਗਰੀ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੇ ਯਤਨਾਂ ਸਦਕਾ ਸ਼੍ਰੀ ਸੁਭਾਸ਼ ਜੈਨ-ਨੀਲਮ  ਜੈਨ  ਅਤੇ ਪਰਿਵਾਰ ਨੇ ਲੁਧਿਆਣਾ ਤੋਂ ਭਿਜਵਾਈ ਸੀ। ਰਾਹਤ ਵੰਡ ਆਯੋਜਨ ਦੌਰਾਨ ਵੱਖ-ਵੱਖ  ਸਰਹੱਦੀ ਪਿੰਡਾਂ ਨਾਲ ਸਬੰਧਤ 300 ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਰਸੋਈ ਦਾ ਹੋਰ ਸਾਮਾਨ ਮੁਹੱਈਆ ਕਰਵਾਇਆ ਗਿਆ।

ਇਸ ਮੌਕੇ  ਵਿਸ਼ੇਸ਼ ਤੌਰ 'ਤੇ ਪੁੱਜੇ ਜ਼ਿਲਾ ਪੁੰਛ ਦੇ ਡਿਪਟੀ ਕਮਿਸ਼ਨਰ ਰਾਹੁਲ  ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਅਤੇ ਸਰਹੱਦ ਪਾਰਲੀ ਗੋਲੀਬਾਰੀ ਦੇ ਖਤਰੇ  ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਮਦਦ ਭਿਜਵਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਇਨਸਾਨੀਅਤ ਦੀ ਵੱਡੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁੰਛ ਜ਼ਿਲਾ ਅਜਿਹਾ ਹੈ ਜਿਸ ਦੇ ਸਰਹੱਦੀ ਪਿੰਡਾਂ 'ਤੇ ਪਾਕਿਸਤਾਨ ਵਲੋਂ  ਸਭ ਤੋਂ ਜ਼ਿਆਦਾ ਫਾਇਰਿੰਗ ਕੀਤੀ ਜਾਂਦੀ ਹੈ। ਹਰ ਵਾਰ ਹੀ ਕੋਈ ਨਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਇਸ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਸ ਸਮੱਗਰੀ ਨਾਲ ਬਹੁਤ ਵੱਡਾ ਹੌਸਲਾ ਮਿਲਦਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਰੇ ਦੇਸ਼ ਵਾਸੀ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਐੱਸ. ਐੱਸ. ਪੀ. ਸ਼੍ਰੀ ਰੋਮੇਸ਼ ਕੁਮਾਰ ਅੰਗਰਾਲ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕ ਸਹੀ ਅਰਥਾਂ 'ਚ ਬਹਾਦਰ ਹਨ, ਜਿਹੜੇ ਰੋਜ਼ ਦੀ ਗੋਲੀਬਾਰੀ ਸਾਹਮਣੇ ਵੀ ਡਟੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵਲੋਂ ਜਿਥੇ ਸ਼ਹੀਦ ਪਰਿਵਾਰ ਫੰਡ ਰਾਹੀਂ ਅੱਤਵਾਦ ਪੀੜਤਾਂ ਦੀ ਵਿੱਤੀ ਸਹਾਇਤਾ ਕੀਤੀ ਜਾ ਰਹੀ ਹੈ, ਉਥੇ ਸੈਂਕੜੇ ਟਰੱਕ ਰਾਹਤ ਸਮੱਗਰੀ ਵੀ ਭਿਜਵਾਈ ਗਈ ਹੈ, ਜੋ ਕਿ ਕਾਬਿਲੇ-ਤਾਰੀਫ ਹੈ।

ਲੋੜਵੰਦਾਂ ਦੀ ਸੇਵਾ ਦਾ ਸਿਲਸਲਾ ਜਾਰੀ ਰੱਖਾਂਗੇ : ਰਾਕੇਸ਼ ਜੈਨ
ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਅਤੇ ਲੋੜਵੰਦਾਂ ਦੀ ਸੇਵਾ ਦਾ ਸਿਲਸਲਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਰਾਹਤ ਲੈਣ ਆਏ ਲੋਕਾਂ ਨੂੰ ਜਾਣੂੰ ਕਰਵਾਇਆ ਕਿ ਉਨ੍ਹਾਂ ਦੀ ਸੰਸਥਾ ਪੋਲੀਓ ਪੀੜਤਾਂ ਦੇ ਇਲਾਜ ਲਈ ਵਿਸ਼ੇਸ ਯਤਨ ਕਰ ਰਹੀ ਹੈ ਅਤੇ ਜੇਕਰ ਇਸ ਖੇਤਰ ਵਿਚ ਵੀ ਕੋਈ ਪੋਲੀਓ ਦਾ ਰੋਗੀ ਹੋਵੇ ਤਾਂ ਉਹ ਸੰਸਥਾ ਨਾਲ ਸੰਪਰਕ ਕਰੇ। ਉਸ ਦਾ ਪੂਰਾ  ਇਲਾਜ ਮੁਫਤ ਕੀਤਾ ਜਾਵੇਗਾ।
ਪੁੰਛ ਦੇ ਡੀ.ਐੱਸ.ਪੀ. ਮੁਹੰਮਦ ਐਜ਼ਾਜ਼ ਨੇ ਕਿਹਾ ਕਿ ਇਕ-ਦੂਜੇ ਦਾ ਦੁੱਖ-ਦਰਦ ਵੰਡਾਉਣਾ ਹਰ ਮਨੁੱਖ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਖ਼ਬਾਰ ਸਮੂਹ ਨੇ ਪੀੜਤਾਂ ਅਤੇ ਲੋੜਵੰਦਾਂ ਦੀ ਸੇਵਾ ਦਾ ਬੀੜਾ ਚੁੱਕਿਆ ਹੈ, ਹੋਰ ਸੰਸਥਾਵਾਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।

ਗੁਰਦੁਆਰਾ ਸਿੰਘ ਸਭਾ ਅਜੋਟ ਦੇ ਪ੍ਰਧਾਨ ਸ. ਬਲਬੀਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਪਿਛਲੇ ਕਈ ਸਾਲਾਂ ਤੋਂ ਹਾਲਾਤ ਤਣਾਅਪੂਰਨ ਚੱਲ ਰਹੇ ਹਨ। ਇਸ ਕਾਰਣ ਲੋਕਾਂ ਲਈ ਹਰ ਵੇਲੇ ਰੋਜ਼ੀ-ਰੋਟੀ ਦੀ ਸਮੱਸਿਆ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ 'ਚ ਪਾਣੀ ਦੀ ਵੀ ਬਹੁਤ ਵੱਡੀ ਸਮੱਸਿਆ ਹੈ, ਜਿਸ ਲਈ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।

ਲਾਲਾ ਜੀ ਨੇ ਸ਼ੁਰੂ ਕੀਤੀ ਸੀ ਸੇਵਾ ਦੀ ਪਰੰਪਰਾ : ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਮੋਹਰੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਵਿਚ ਸੇਵਾ ਦੀ ਪਰੰਪਰਾ ਅਮਰ ਸ਼ਹੀਦ ਲਾਲਾ  ਜਗਤ ਨਾਰਾਇਣ ਜੀ ਨੇ ਸ਼ੁਰੂ ਕੀਤੀ ਸੀ। ਇਸੇ ਰਸਤੇ 'ਤੇ ਹੁਣ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅਤੇ ਪਰਿਵਾਰ ਚੱਲ ਰਿਹਾ ਹੈ। ਇਸ ਸਿਲਸਲੇ ਵਿਚ ਜਿਥੇ ਵੱਖ-ਵੱਖ ਰਾਜਾਂ 'ਚ ਕੁਦਰਤੀ ਆਫਤਾਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ ਫੰਡ ਚਲਾਏ ਗਏ, ਉਥੇ ਸ਼ਹੀਦ ਪਰਿਵਾਰ ਫੰਡ ਰਾਹੀਂ ਕਰੋੜਾਂ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਅੱਤਵਾਦ, ਗੋਲੀਬਾਰੀ, ਬੇਰੋਜ਼ਗਾਰੀ, ਗਰੀਬੀ ਅਤੇ ਹੋਰ ਮੁਸੀਬਤਾਂ ਸਹਿਣ ਕਰ ਰਹੇ ਸਰਹੱਦੀ ਪਰਿਵਾਰਾਂ ਲਈ ਸੈਂਕੜੇ ਟਰੱਕ ਸਮੱਗਰੀ ਭਿਜਵਾ ਕੇ ਵਿਜੇ ਜੀ ਵਲੋਂ ਸੇਵਾ ਦਾ ਇਕ ਕੁੰਭ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਪੀੜਤ ਪਰਿਵਾਰਾਂ ਦੇ ਹੰਝੂ ਪੂੰਝਣ ਦਾ ਸਿਲਸਲਾ ਜਾਰੀ ਰੱਖਿਆ ਜਾਵੇਗਾ।ਕੁਰੂਕਸ਼ੇਤਰ ਤੋਂ ਗਏ ਐਡਵੋਕੇਟ ਸ਼੍ਰੀ ਨਰਿੰਦਰ ਆਂਚਲ ਨੇ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਗੋਲੀਬਾਰੀ ਸਾਹਮਣੇ ਡਟੇ ਬੈਠੇ ਲੋਕ ਸਹੀ ਅਰਥਾਂ 'ਚ ਦੇਸ਼  ਦੇ ਰਖਵਾਲੇ ਹਨ। ਉਨ੍ਹਾਂ ਦੀ ਵਧ-ਚੜ੍ਹ ਕੇ ਸਹਾਇਤਾ ਕੀਤੀ ਜਾਣੀ ਚਾਹੀਦੀ  ਹੈ।

ਵਿਜੇ ਜੀ ਨੇ ਫੜੀ ਪੀੜਤ ਪਰਿਵਾਰਾਂ ਦੀ ਬਾਂਹ : ਸੁਭਾਸ਼ ਜੈਨ, ਨੀਲਮ ਜੈਨ
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ, ਸਮੱਗਰੀ ਭਿਜਵਾਉਣ ਵਾਲੇ ਸ਼੍ਰੀ ਸੁਭਾਸ਼ ਜੈਨ ਅਤੇ ਨੀਲਮ ਜੈਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਦੀ ਬਾਂਹ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਫੜੀ ਹੈ, ਜਿਹੜੇ ਲਗਾਤਾਰ ਇਨ੍ਹਾਂ ਲਈ ਸਮੱਗਰੀ ਭਿਜਵਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹਤ-ਮੁਹਿੰਮ ਵਿਚ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ ਤਾਂ ਜੋ ਹੋਰ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।ਪਿੰਡ ਦੇ ਸਰਪੰਚ ਜਸਬੀਰ ਸਿੰਘ ਨੇ ਕਿਹਾ ਕਿ ਆਫਤਾਂ 'ਚ ਘਿਰੇ ਲੋਕਾਂ ਲਈ ਸਹਾਇਤਾ ਭਿਜਵਾ ਕੇ ਪੰਜਾਬ ਵਾਸੀਆਂ ਨੇ ਮਹਾਨ ਕਾਰਜ ਕੀਤਾ ਹੈ, ਜਿਸ ਲਈ ਸਾਰੀ ਨਗਰ ਪੰਚਾਇਤ ਉਨ੍ਹਾਂ ਦੀ ਸ਼ੁਕਰਗੁਜ਼ਾਰ ਹੈ।ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਕਿਹਾ ਕਿ ਪੱਤਰ ਸਮੂਹ ਵਲੋਂ ਨਾ ਸਿਰਫ ਸਮੱਗਰੀ ਭਿਜਵਾਈ ਜਾ ਰਹੀ ਹੈ ਸਗੋਂ  ਪ੍ਰਭਾਵਿਤ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਵੀ ਅਖਬਾਰਾਂ ਰਾਹੀਂ ਸਰਕਾਰ ਦੇ ਕੰਨਾਂ ਤਕ ਪਹੁੰਚਾਇਆ ਜਾ ਰਿਹਾ ਹੈ।

ਇਸ ਮੌਕੇ 'ਤੇ ਸ਼੍ਰੀਮਤੀ ਰਮਾ ਜੈਨ, ਕੁਲਦੀਪ ਜੈਨ, ਰਿਧੀ ਜੈਨ, ਮੰਜੂ-ਰਵਿੰਦਰ ਜੈਨ, ਨੀਲਿਮਾ ਜੈਨ, ਸਾਕਸ਼ੀ ਜੈਨ, ਭੂਸ਼ਣ ਜੈਨ, ਮੀਨਾ ਜੈਨ, ਪੁੰਛ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਧਨੁਸ਼ ਸ਼ਰਮਾ, ਜਲੰਧਰ ਤੋਂ ਸ਼੍ਰੀਮਤੀ ਅਤੇ ਸ਼੍ਰੀ ਰਜਿੰਦਰ ਸ਼ਰਮਾ (ਭੋਲਾ ਜੀ) ਅਤੇ ਸ਼੍ਰੀਮਤੀ ਵੀਨਾ ਸ਼ਰਮਾ ਵੀ ਮੌਜੂਦ ਸਨ।

Shyna

This news is Content Editor Shyna