ਪ੍ਰੀਤ ਨਗਰ ''ਚ ਫਾਹਾ ਲਗਾਉਣ ਨਾਲ ਵਿਆਹੁਤਾ ਦੀ ਮੌਤ

09/08/2017 7:05:58 AM

ਕਪੂਰਥਲਾ, (ਭੂਸ਼ਣ)- ਪ੍ਰੀਤ ਨਗਰ ਖੇਤਰ ਵਿਚ ਵੀਰਵਾਰ ਦੀ ਸ਼ਾਮ ਇਕ ਔਰਤ ਦੇ ਫਾਹਾ ਲਗਾਉਣ ਦੇ ਕਾਰਨ ਸ਼ੱਕੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਜਿਥੇ ਔਰਤ ਦੇ ਬਟਾਲਾ ਤੋਂ ਪਰਿਵਾਰ ਨੇ ਮ੍ਰਿਤਕ ਮਹਿਲਾ ਦੇ ਪਤੀ, ਸੱਸ ਅਤੇ ਸਹੁਰੇ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਪ੍ਰੀਤ ਨਗਰ ਖੇਤਰ 'ਚ ਰਹਿਣ ਵਾਲੀ ਇਕ ਔਰਤ ਰੀਚਾ ਪਤਨੀ ਅਨਿਲ ਕੁਮਾਰ ਦੀ ਫਾਹਾ ਲਗਾਉਣ ਨਾਲ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ, ਜਿਸ ਦੌਰਾਨ ਮੌਕੇ 'ਤੇ ਪੁੱਜੇ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ, ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਰਾਮੇਸ਼ਵਰ ਸਿੰਘ ਤੇ ਪੀ. ਸੀ. ਆਰ. ਟੀਮ ਦੇ ਇੰਚਾਰਜ ਸੁਰਜੀਤ ਸਿੰਘ ਪੱਤੜ ਨੇ ਮੌਕੇ 'ਤੇ ਪਹੁੰਚ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਮ੍ਰਿਤਕਾ ਦੇ ਸਹੁਰਾ ਪੱਖ ਨੇ ਦੱਸਿਆ ਕਿ ਰੀਚਾ ਨੂੰ ਉਨ੍ਹਾਂ ਨੇ ਆਪਣੇ ਕਮਰੇ 'ਚ ਪੱਖੇ ਨਾਲ ਲਮਕੇ ਹੋਏ ਵੇਖਿਆ ਸੀ, ਜਿਸ 'ਤੇ ਜਦੋਂ ਰੀਚਾ ਨੂੰ ਪੱਖੇ ਤੋਂ ਉਤਾਰ ਕੇ ਸਿਵਲ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮਰਿਆ ਐਲਾਨ ਦਿੱਤਾ।
ਤਣਾਅ 'ਚ ਰਹਿੰਦੀ ਸੀ ਰੀਚਾ- ਇਸ ਦੌਰਾਨ ਪੂਰੇ ਹਾਲਾਤਾਂ ਵਿਚ ਉਸ ਸਮੇਂ ਸਨਸਨੀਖੇਜ਼ ਮੋੜ ਸਾਹਮਣੇ ਆ ਗਿਆ ਜਦੋਂ ਬਟਾਲਾ ਤੋਂ ਆਏ ਮ੍ਰਿਤਕਾ ਦੇ ਪਿਤਾ ਅਸ਼ੋਕ ਕੁਮਾਰ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨੇ ਉਸ ਦੇ ਸਹੁਰਾ-ਪੱਖ 'ਤੇ ਇਲਜ਼ਾਮ ਲਗਾਇਆ ਕਿ ਉਹ ਲੋਕ ਉਸਨੂੰ ਬੇਹੱਦ ਤੰਗ-ਪ੍ਰੇਸ਼ਾਨ ਕਰਦੇ ਸਨ, ਜਿਸ ਦੇ ਕਾਰਨ ਉਹ ਕਾਫ਼ੀ ਤਨਾਅ 'ਚ ਸੀ। 
ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਇਸ ਮਾਮਲੇ ਨੂੰ ਲੈ ਕੇ ਰੀਚਾ ਦੇ ਪਤੀ, ਸੱਸ ਅਤੇ ਸਹੁਰੇ ਨੂੰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਮੰਨਿਆ, ਜਿਸ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈ ਲਿਆ । ਦੱਸਿਆ ਜਾਂਦਾ ਹੈ ਕਿ ਮ੍ਰਿਤਕਾ ਦਾ ਪਤੀ ਇਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਦਾ ਹੈ ਅਤੇ ਉਸ ਦੀ ਇਕ 3 ਸਾਲਾ ਧੀ ਵੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ।