ਨਵ-ਵਿਆਹੁਤਾ ਧੀ ਦੀਆਂ ਰੁਲ੍ਹੀਆਂ ਸਦਰਾਂ, ਮਾਪਿਆਂ ਪੱਲੇ ਪਾਇਆ ਉਮਰਾਂ ਦਾ ਰੋਣਾ

07/18/2020 2:01:11 PM

ਰਾਏਕੋਟ (ਰਾਜ) : ਰਾਏਕੋਟ ਦੇ ਪਿੰਡ ਜਲਾਲਦੀਵਾਲ ਵਿਖੇ ਪਿਤਾ ਨੇ ਧੀ ਦਾ ਵਿਆਹ ਕਰਕੇ ਖੁਸ਼ੀ-ਖੁਸ਼ੀ ਉਸ ਨੂੰ ਸਹੁਰੇ ਘਰ ਤੋਰਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ 8 ਮਹੀਨੇ ਪਹਿਲਾਂ ਵਿਆਹੀ ਧੀ ਦੀਆਂ ਸਾਰੀਆਂ ਸਦਰਾਂ ਰੁਲ੍ਹ ਜਾਣਗੀਆਂ ਅਤੇ ਉਹ ਮਾਪਿਆਂ ਪੱਲੇ ਉਮਰਾਂ ਦਾ ਰੋਣਾ ਪਾ ਜਾਵੇਗੀ। ਸਹੁਰੇ ਘਰ ਧੀ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ, ਜਿਸ ਤੋਂ ਬਾਅਦ ਮਾਪਿਆਂ ਨੇ ਸਹੁਰਾ ਪਰਿਵਾਰ 'ਤੇ ਧੀ ਨੂੰ ਮਾਰਨ ਦੇ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : ਲੁਧਿਆਣਾ : ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, ਕੰਬਿਆ ਪੂਰਾ ਮੁਹੱਲਾ

ਜਾਣਕਾਰੀ ਮੁਤਾਬਕ ਪਿੰਡ ਗੁੜੇ ਦੇ ਵਸਨੀਕ ਗੁਰਮੁੱਖ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 10 ਅਕਤੂਬਰ 2019 ਨੂੰ ਉਸ ਨੇ ਆਪਣੀ ਪੁੱਤਰੀ ਬਲਜੀਤ ਕੌਰ ਦਾ ਵਿਆਹ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਦੀਵਾਲ ਨਾਲ ਸਿੱਖ ਮਰਿਆਦਾ ਮੁਤਾਬਕ ਕੀਤਾ ਸੀ। ਵਿਆਹ ਦੌਰਾਨ ਉਸ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ-ਦਹੇਜ ਵੀ ਦਿੱਤਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਧੀ ਦੇ ਸਹੁਰੇ ਪਰਿਵਾਰ ਨੇ ਉਸ ਦਾਜ-ਦਹੇਜ ਲਈ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸ਼ਨੀਵਾਰ ਸਵੇਰੇ 5.30 ਵਜੇ ਦੇ ਕਰੀਬ ਉਸ ਦੇ ਜਵਾਈ ਦੀ ਮਾਸੀ ਅਮਰਜੀਤ ਕੌਰ ਪਤਨੀ ਹਰਦਿਆਲ ਸਿੰਘ ਵਾਸੀ ਰੂਪਾਪੱਤੀ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਧੀ ਬੇਹੋਸ਼ ਹੋ ਗਈ ਹੈ ਪਰ ਜਦੋਂ ਗੁਰਮੁੱਖ ਸਿੰਘ ਆਪਣੇ ਪਿੰਡ ਦੇ ਮੋਹਤਵਰਾਂ ਅਤੇ ਰਿਸ਼ਤੇਦਾਰਾਂ ਨਾਲ ਧੀ ਦੇ ਸੁਹਰੇ ਘਰ ਪੁੱਜਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਲਈ ਬਣੇ ਵੱਖਰੇ 'ਲੇਬਰ ਰੂਮ'

ਮ੍ਰਿਤਕਾ ਦੇ ਪਿਤਾ ਨੇ ਧੀ ਦੀ ਸੱਸ ਚਰਨਜੀਤ ਕੌਰ, ਪਤੀ ਨਵਦੀਪ ਸਿੰਘ ਅਤੇ ਮਾਸੀ ਸੱਸ ਅਮਰਜੀਤ ਕੌਰ 'ਤੇ ਧੀ ਨੂੰ ਕਤਲ ਕਰਨ ਦਾ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਸਹੁਰੇ ਪਰਿਵਾਰ ਨੇ ਉਸ ਦੀ ਧੀ ਨੂੰ ਦਾਜ-ਦਹੇਜ ਲਈ ਮਾਰਿਆ ਹੈ। ਇਸ ਸਬੰਧ 'ਚ ਮ੍ਰਿਤਕਾ ਦੇ ਪਿਤਾ ਗੁਰਮੁੱਖ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦਿਆ ਮੁਕੱਦਮਾ ਨੰਬਰ-63 ਤਹਿਤ ਆਈ. ਪੀ. ਸੀ. ਦੀ ਧਾਰਾ 304ਬੀ ਅਧੀਨ ਮੁਕੱਦਮਾ ਦਰਜ ਕਰਦਿਆਂ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਪਿਓ-ਧੀ ਦੇ ਧੋਖੇ ਤੇ ਬੇਇੱਜ਼ਤੀ ਨੂੰ ਦਿਲ 'ਤੇ ਲਾ ਬੈਠਾ ਮੁੰਡਾ, ਲਾਇਆ ਮੌਤ ਨੂੰ ਗਲੇ

ਜਦੋਂ ਇਸ ਸਬੰਧੀ ਪਿੰਡ ਜਲਾਲਦੀਵਾਲ ਦੇ ਸਰਪੰਚ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਤੀ ਨਵਦੀਪ ਸਿੰਘ ਨੇ ਰਾਤ 1 ਵਜੇ ਦੇ ਕਰੀਬ ਉਸ ਨੂੰ ਫੋਨ ਕਰਕੇ ਘਰ ਸੱਦਿਆ ਅਤੇ ਦੱਸਿਆ ਕਿ ਬਲਜੀਤ ਕੌਰ ਬੇਹੋਸ਼ ਹੈ, ਜਿਸ 'ਤੇ ਉਨ੍ਹਾਂ ਪਿੰਡ ਦੇ ਡਾਕਟਰ ਨੂੰ ਬੁਲਾਇਆ ਪਰ ਡਾਕਟਰ ਨੇ ਬਲਜੀਤ ਨੂੰ ਮ੍ਰਿਤਕ ਕਰਾਰ ਦਿੱਤਾ। ਸਰਪੰਚ ਨੇ ਦੱਸਿਆ ਕਿ ਮ੍ਰਿਤਕ ਦਾ ਸਹੁਰਾ ਪਰਿਵਾਰ ਉਸ ਦਾ ਗੁਆਂਢੀ ਹੈ ਅਤੇ ਉਨ੍ਹਾਂ ਦੇ ਪੁੱਤ ਦੇ ਵਿਆਹ ਨੂੰ ਕੁਝ ਕੁ ਮਹੀਨੇ ਹੋਏ ਹਨ ਪਰ ਉਨਾਂ ਦੇ ਘਰ 'ਚ ਕੋਈ ਵੀ ਲੜਾਈ-ਝਗੜਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਦੇ ਪੰਚਾਇਤ ਕੋਲ ਅਜਿਹੀ ਕੋਈ ਗੱਲਬਾਤ ਸਾਹਮਣੇ ਆਈ ਹੈ।

 


 

Babita

This news is Content Editor Babita