ਸਹੁਰਾ ਪਰਿਵਾਰ ਤੋਂ ਤੰਗ ਡੇਢ ਸਾਲ ਦੇ ਬੱਚੇ ਦੀ ਮਾਂ ਨੇ ਚੁੱਕਿਆ ਖ਼ੌਫਨਾਕ ਕਦਮ

04/22/2023 7:51:19 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੁਲਸ ਜ਼ਿਲ੍ਹਾ ਬਟਾਲਾ ਦੇ ਕਸਬਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਸ਼ਮਸ਼ੇਰਪੁਰ ਦੀ 30 ਸਾਲਾ ਵਿਆਹੁਤਾ ਤੇ ਡੇਢ ਸਾਲਾ ਬੱਚੇ ਦੀ ਮਾਂ ਵੱਲੋਂ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮ੍ਰਿਤਕਾ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਉਨ੍ਹਾਂ ਦੀ ਲੜਕੀ ਨੂੰ ਪਿਛਲੇ ਲੰਬੇ ਸਮੇਂ ਤੋਂ ਹੋਰ ਦਾਜ ਲਈ ਕੁੱਟਮਾਰ ਕਰਦਾ ਸੀ। ਉਨ੍ਹਾਂ ਦੋਸ਼ ਲਾਏ ਕਿ ਲੜਕੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਫਾਹਾ ਦਿੱਤਾ ਗਿਆ ਹੈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ

ਇਸ ਮਾਮਲੇ 'ਚ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿੰਪੀ (30) ਦਾ ਵਿਆਹ ਪਿੰਡ ਸ਼ਮਸ਼ੇਰਪੁਰ ਦੇ ਦਲਵਿੰਦਰ ਨਾਲ ਕਰੀਬ 5 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਡੇਢ ਸਾਲ ਦਾ ਇਕ ਬੱਚਾ ਵੀ ਹੈ। ਰਿੰਪੀ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ ਤੇ ਕਈ ਵਾਰ ਲੜਕੀ ਦੇ ਪਤੀ ਦਲਵਿੰਦਰ ਨੇ ਉਸ ਦੀ ਕੁੱਟਮਾਰ ਕੀਤੀ। ਕਈ ਵਾਰ ਮਾਮਲਾ ਪੰਚਾਇਤ 'ਚ ਵੀ ਗਿਆ। ਮ੍ਰਿਤਕਾ ਦੀ ਭੈਣ ਅਤੇ ਜੀਜਾ ਸੋਨੂੰ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਵੀ ਉਨ੍ਹਾਂ ਨੂੰ ਫੋਨ ਆਇਆ ਕਿ ਦੋਵਾਂ ਵਿਚਾਲੇ ਝਗੜਾ ਹੋ ਰਿਹਾ ਹੈ, ਜਦ ਉਹ ਪਿੰਡ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਰਿੰਪੀ ਦੀ ਲਾਸ਼ ਲਟਕ ਰਹੀ ਸੀ।

ਇਹ ਵੀ ਪੜ੍ਹੋ : ਕਰੋੜਾਂ ਦੀ ਬੋਗਸ ਬਿਲਿੰਗ, ਫਰਜ਼ੀ ਫਰਮਾਂ ਤੇ GST ਚੋਰੀ ਦਾ ਇਕ ਹੋਰ ਮਾਸਟਰਮਾਈਂਡ ਗ੍ਰਿਫ਼ਤਾਰ

ਉਥੇ ਹੀ ਸਮਾਜ ਸੇਵੀ ਅੰਮ੍ਰਿਤਪ੍ਰੀਤ ਕੌਰ ਨੇ ਕਿਹਾ ਕਿ ਰਿੰਪੀ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਸ ਦਾ ਵਿਆਹ ਵੀ ਉਸ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਲੋੜ ਤੋਂ ਵੱਧ ਦਾਜ ਦਿੱਤਾ ਸੀ, ਇਸ ਦੇ ਬਾਵਜੂਦ ਉਸ ਦਾ ਪਤੀ ਅਤੇ ਸਹੁਰਾ ਉਸ ਨੂੰ ਤੰਗ ਕਰਦੇ ਅਤੇ ਕੁੱਟਮਾਰ ਕਰਦੇ ਸਨ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਧਰ, ਰਿੰਪੀ ਦੀ ਸੱਸ ਨੇ ਖੁਦ ਨੂੰ ਤੇ ਆਪਣੇ ਬੇਟੇ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਦਾ ਬੇਟਾ ਦਲਵਿੰਦਰ ਕੰਮ 'ਤੇ ਗਿਆ ਹੋਇਆ ਹੈ। ਰਿੰਪੀ ਦੀ ਮੌਤ ਕਿਵੇਂ ਹੋਈ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਗੋਲਡੀ ਕੰਬੋਜ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇਸ ਸਬੰਧੀ ਪੁਲਸ ਥਾਣਾ ਘਣੀਏ ਕੇ ਬਾਂਗਰ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ 'ਚ ਇਕ ਲੜਕੀ ਵੱਲੋਂ ਫਾਹਾ ਲੈ ਕੇ ਮੌਤ ਹੋ ਗਈ ਹੈ। ਮੌਕੇ 'ਤੇ ਪਹੁੰਚ ਦੇਖਿਆ ਤਾਂ ਲੜਕੀ ਦੇ ਗਲ਼ੇ 'ਚ ਰੱਸੀ ਦੇ ਨਿਸ਼ਾਨ ਸਨ। ਉਨ੍ਹਾਂ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਰੰੰਪੀਦੀ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh