ਥਾਣੇ ''ਚ ਰਾਜ਼ੀਨਾਮੇ ਦੌਰਾਨ ਬੇਇੱਜ਼ਤੀ ਹੋਣ ''ਤੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ

11/03/2020 2:30:33 AM

ਮਾਛੀਵਾੜਾ ਸਾਹਿਬ,(ਟੱਕਰ, ਸਚਦੇਵਾ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਵਿਖੇ ਅੱਜ ਸ਼ਾਮ ਨੂੰ ਵਿਆਹੁਤਾ ਵਿਜੈ ਕੌਰ (31) ਨੇ ਆਪਣੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਵੇਰੇ ਪੰਚਾਇਤੀ ਰਾਜ਼ੀਨਾਮੇ ਦੌਰਾਨ ਉਸ ਨੂੰ ਬੇਇੱਜ਼ਤ ਕੀਤਾ ਗਿਆ, ਜਿਸ ਕਾਰਣ ਜ਼ਲਾਲਤ ਨਾ ਸਹਿਣ ਕਰਦੇ ਹੋਏ ਉਸ ਨੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਵਿਜੈ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਹੀ ਸ਼ਾਮਲਾਤ ਜਗ੍ਹਾ ਪਈ ਸੀ, ਜਿੱਥੇ ਉਨ੍ਹਾਂ ਦਾ ਕਬਜ਼ਾ ਹੈ ਪਰ ਪਿੰਡ ਦੇ ਹੀ ਵਸਨੀਕ ਉਨ੍ਹਾਂ ਦੇ ਭਾਈਚਾਰੇ ਨਾਲ ਸਬੰਧਿਤ ਕੁਝ ਲੋਕਾਂ ਅਤੇ ਪੰਚਾਇਤ ਨੇ ਇਹ ਕਬਜ਼ਾ ਜ਼ਬਰੀ ਛੁਡਵਾ ਲਿਆ ਅਤੇ ਮੰਦਰ ਨਿਰਮਾਣ ਸ਼ੁਰੂ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਚਾਇਤ ਨੇ ਕੁਝ ਵਿਅਕਤੀਆਂ ਤੋਂ ਇਹ ਜਗ੍ਹਾ ਨਹੀਂ ਛੁਡਵਾਈ ਜਦਕਿ ਉਨ੍ਹਾਂ ਕੋਲੋਂ ਜ਼ਮੀਨ ਖਾਲੀ ਕਰਵਾ ਲਈ, ਜਿਸ ਸਬੰਧੀ ਦੋ ਦਿਨ ਪਹਿਲਾਂ ਵੀ ਤਕਰਾਰਬਾਜ਼ੀ ਹੋਈ।

ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ, ਸੈਕਟਰੀ ਅਤੇ ਮੰਦਰ ਨਿਰਮਾਣ ਕਰਨ ਵਾਲੇ ਕੁਝ ਵਿਅਕਤੀਆਂ ਨੇ ਮਿਲ ਕੇ ਉਸਦੀ ਪਤਨੀ ਵਿਜੈ ਕੌਰ ਖਿਲਾਫ਼ ਕੂੰਮਕਲਾਂ ਥਾਣੇ 'ਚ ਸ਼ਿਕਾਇਤ ਦੇ ਦਿੱਤੀ। ਸੋਮਵਾਰ ਨੂੰ ਉਹ ਸਵੇਰ ਤੋਂ ਹੀ ਕੂੰਮਕਲਾਂ ਥਾਣੇ 'ਚ ਪਰਿਵਾਰ ਸਮੇਤ ਭੁੱਖੇ-ਪਿਆਸੇ ਬੈਠੇ ਰਹੇ ਜਦਕਿ ਦੂਜੀ ਧਿਰ ਬਾਅਦ ਦੁਪਹਿਰ ਆਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜ਼ੀਨਾਮੇ ਦੌਰਾਨ ਵਿਜੈ ਕੌਰ ਨੂੰ ਕਾਫ਼ੀ ਜ਼ਲੀਲ ਕੀਤਾ ਗਿਆ ਅਤੇ ਉਸ ਕੋਲੋਂ ਭਰੀ ਪੰਚਾਇਤ 'ਚ ਮੁਆਫ਼ੀ ਮੰਗਵਾ ਪੈਰੀ ਹੱਥ ਵੀ ਲਗਵਾਏ ਗਏ, ਜਿਸ ਕਾਰਣ ਉਹ ਇਹ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਅਤੇ ਸ਼ਾਮ ਨੂੰ ਉਸ ਨੇ ਖੁਦਕੁਸ਼ੀ ਕਰ ਲਈ।

ਕੀ ਕਹਿਣਾ ਹੈ ਪੁਲਸ ਦਾ
ਇਸ ਸਬੰਧੀ ਕੂੰਮਕਲਾਂ ਪੁਲਸ ਮੁਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੱਜ ਅਦਾਲਤ 'ਚ ਗਏ ਸਨ ਪਰ ਜਾਣਕਾਰੀ ਅਨੁਸਾਰ ਬਲੀਏਵਾਲ ਦੇ ਪੰਚਾਇਤ ਸਕੱਤਰ ਵਲੋਂ ਸ਼ਾਮਲਾਤ ਜ਼ਮੀਨ 'ਤੇ ਕਬਜ਼ਾ ਕਰਨ ਨੂੰ ਲੈ ਕੇ ਦੂਜੀ ਧਿਰ ਖਿਲਾਫ਼ ਸ਼ਿਕਾਇਤ ਦਿੱਤੀ ਸੀ। ਐੱਸ.ਐੱਚ.ਓ. ਅਨੁਸਾਰ ਦੋਵਾਂ ਧਿਰਾਂ ਵਲੋਂ ਥਾਣੇ ਦੇ ਬਾਹਰ ਬੈਠ ਕੇ ਰਾਜ਼ੀਨਾਮਾ ਕਰ ਲਿਆ, ਜਿਸ ਸਬੰਧੀ ਉਨ੍ਹਾਂ ਲਿਖਤੀ ਤੌਰ 'ਤੇ ਜਾਣਕਾਰੀ ਥਾਣੇ ਦੇ ਦਿੱਤੀ ਅਤੇ ਦਰਖਾਸਤ ਬੰਦ ਕਰ ਦਿੱਤੀ ਗਈ। ਥਾਣੇ ਦੇ ਬਾਹਰ ਰਾਜ਼ੀਨਾਮੇ ਦੌਰਾਨ ਵਿਜੈ ਕੌਰ ਨਾਲ ਕਿਸੇ ਨੇ ਕਿਹੋ ਜਿਹਾ ਸਲੂਕ ਕੀਤਾ, ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।
 

Deepak Kumar

This news is Content Editor Deepak Kumar