ਨਾਜਾਇਜ਼ ਮੈਰਿਜ ਪੈਲਸ ਮਾਲਕਾਂ ਨੇ ਫਿਰ ਨਹੀਂ ਦਿਖਾਈ ਰੇਗੂਲਰਾਈਜ਼ੇਸ਼ਨ ਪਾਲਿਸ ''ਚ ਦਿਲਚਸਪੀ

Friday, Nov 03, 2017 - 04:20 PM (IST)

ਲੁਧਿਆਣਾ (ਹਿਤੇਸ਼) : ਨਾਜਾਇਜ਼ ਮੈਰਿਜ ਪੈਲੇਸ ਮਾਲਕਾਂ ਨੇ ਇਕ ਵਾਰ ਫਿਰ ਤੋਂ ਰੈਗੂਲਰਾਈਜ਼ੇਸ਼ਨ ਪਾਲਿਸੀ ਪ੍ਰਤੀ ਬਿਲਕੁੱਲ ਵੀ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਗਲਾਡਾ ਵਲੋਂ ਅਗਲੇ ਹਫਤੇ ਤੋਂ ਇਸ ਤਰ੍ਹਾਂ ਦੇ ਮੈਰਿਜ ਪੈਲੇਸ ਮਾਲਕਾਂ 'ਤੇ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਮੈਰਿਜ ਪੈਲੇਸਾਂ 'ਚ ਪਾਰਕਿੰਗ ਦੀ ਘਾਟ ਹੋਣ ਤੋਂ ਇਲਾਵਾ ਸੁਰੱਖਿਆ ਦੇ ਮਾਪਦੰਡ ਵੀ ਪੂਰੇ ਨਾ ਹੋਣ ਨੂੰ ਲੈ ਕੇ ਲੱਗੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੋਰਟ ਦੇ ਆਦੇਸ਼ ਦਿੱਤੇ ਹੋਏ ਹਨ ਕਿ ਪੂਰੇ ਪੰਜਾਬ ਦੇ ਮੈਰਿਜ ਪੈਲੇਸਾਂ 'ਚ ਹੋਣ ਵਾਲੇ ਸਮਾਰੋਹਾਂ ਦੌਰਾਨ ਆਉਣ ਵਾਲੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ। ਇਸ 'ਤੇ ਪਹਿਲਾਂ ਤਾਂ ਸਰਕਾਰ ਨੇ ਮੈਰਿਜ ਪੈਲੇਸਾਂ 'ਤੇ ਸੀਲਿੰਗ ਦੀ ਕਾਰਵਾਈ ਕੀਤੀ ਅਤੇ ਫਿਰ ਕਈ ਵਾਰ ਰੈਗੂਲਰਾਈਜ਼ੇਸ਼ਨ ਪਾਲਿਸੀ ਵੀ ਜਾਰੀ ਕੀਤੀ।
ਜੇ ਲੁਧਿਆਣਾ ਦੇ ਮੈਰਿਜ ਪੈਲੇਸ ਮਾਲਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਦੇ ਵੀ ਆਪਣੇ ਯੂਨਿਟਾਂ ਦੇ ਨਾਜਾਇਜ਼ ਹਿੱਸੇ ਨੂੰ ਰੈਗੂਲਰ ਕਰਵਾਉਣ ਪ੍ਰਤੀ ਖਾਸ ਦਿਲਚਸਪੀ ਨਹੀਂ ਦਿਖਾਈ, ਜਿਨ੍ਹਾਂ ਦੁਆਰਾ ਪਹਿਲਾਂ ਸਖ਼ਤ ਸ਼ਰਤਾਂ ਅਤੇ ਫੀਸ ਜ਼ਿਆਦਾ ਹੋਣ ਦਾ ਹਵਾਲਾ ਦਿੱਤਾ ਜਾਂਦਾ ਸੀ ਤਾਂ ਹੁਣ ਸਰਕਾਰ ਨੇ ਇਸ ਤਰ੍ਹਾਂ ਮੈਰਿਜ ਪੈਲੇਸਾਂ ਨੂੰ ਖਾਮੀਆਂ 'ਚ ਸੁਧਾਰ ਕਰਨ ਲਈ 10 ਫੀਸਦੀ ਤਕ ਨਾਨ-ਕੰਪਾਊਂਡੇਬਲ ਇਲਾਕੇ ਨੂੰ ਰੈਗੂਲਰ ਕਰਨ ਦੀ ਛੋਟ ਦੇਣ ਸਮੇਤ ਫੀਸ ਵੀ ਘੱਟ ਕਰ ਦਿੱਤੀ। ਇਹ ਪਾਲਿਸੀ ਜਾਰੀ ਹੋਏ ਕਾਫੀ ਸਮਾਂ ਬੀਤਣ ਦੇ ਬਾਅਦ ਵੀ ਮੈਰਿਜ ਪੈਲੇਸ ਮਾਲਕ ਵਲੋਂ ਮਨਜ਼ੂਰੀ ਲੈਣ ਲਈ ਪਹਿਲ ਨਹੀਂ ਕੀਤੀ ਗਈ, ਜਦਕਿ ਅਰਜ਼ੀਆਂ ਦੇਣ ਲਈ ਤੈਅ ਡੈੱਡਲਾਈਨ ਮੰਗਲਵਾਰ ਨੂੰ ਖਤਮ ਹੋ ਗਈ ਹੈ, ਜਿਸ ਦੇ ਨਾਲ ਹੀ ਗਲਾਡਾ ਨੇ ਨਾਜਾਇਜ਼ ਦੀ ਕੈਟਾਗਰੀ 'ਚ ਸ਼ਾਮਲ ਕੀਤੇ ਗਏ ਮੈਰਿਜ ਪੈਲੇਸਾਂ ਨੂੰ ਸੀਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।


Related News