ਤੂੰਬੜਭੰਨ ਵਿਖੇ ਵੇਖਿਆ ਅਜੀਬ ਹੀ ਨਜ਼ਾਰਾ ਗੱਡਿਆਂ ''ਤੇ ਪੁੱਜੇ ਨਾਨਕੇ, ਚਾਵਾਂ ਨਾਲ ਨਿਭਾਈ ਨਾਨਕੀ ਛੱਕ ਦੀ ਰਸਮ

11/11/2017 12:11:46 AM

ਤਲਵੰਡੀ ਭਾਈ(ਗੁਲਾਟੀ)—ਅਲੋਪ ਹੋ ਰਹੇ ਪੁਰਾਣੇ ਰੀਤੀ-ਰਿਵਾਜਾਂ ਨੂੰ ਮੁੜ ਤਾਜ਼ਾ ਕਰਦਿਆਂ ਅੱਜ ਪਿੰਡ ਤੂੰਬੜਭੰਨ ਵਿਖੇ ਇਕ ਅਜੀਬ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਵਿਆਹ ਵਾਲੇ ਘਰ ਲੜਕੇ ਦੇ ਨਾਨਕੇ ਬਲਦਾਂ ਵਾਲੇ ਗੱਡਿਆਂ ਅਤੇ ਪੁਰਾਣੇ ਪਹਿਰਾਵੇ ਅਨੁਸਾਰ ਨਾਨਕੀ ਛੱਕ ਲੈ ਕੇ ਪੁੱਜੇ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤੂੰਬੜਭੰਨ ਦੇ ਗੁਰਚਰਨ ਸਿੰਘ ਖੋਸਾ ਜ਼ਿਲਾ ਸਿੱਖਿਆ ਅਫ਼ਸਰ ਬਠਿੰਡਾ ਦੇ ਲੜਕੇ ਅਮਨਦੀਪ ਸਿੰਘ ਦੇ ਵਿਆਹ 'ਤੇ ਉਸ ਦਾ ਮਾਮਾ ਜਗਜੀਤ ਸਿੰਘ ਬਰਾੜ ਸਾਬਕਾ ਕਾਰਜਸਾਧਕ ਅਫ਼ਸਰ ਆਪਣੇ ਪਰਿਵਾਰ ਨਾਲ ਨਾਨਕੀ ਛੱਕ ਪੁੱਜਾ ਅਤੇ ਹੋਰ ਰਸਮਾਂ ਪੁਰਾਤਨ ਸਮੇਂ ਅਨੁਸਾਰ ਨਿਭਾਈਆਂ। ਇਸ ਮੌਕੇ ਨਾਨਕੇ ਪਰਿਵਾਰ ਵੱਲੋਂ ਪੂਰੇ ਜੋਸ਼ੋ-ਖਰੋਸ਼ ਨਾਲ ਨੱਚਦੇ-ਟੱਪਦੇ, ਭੰਗੜੇ ਪਾਉਂਦੇ ਪਿੰਡ ਵਿਚ ਜਾਗੋ ਵੀ ਕੱਢੀ ਗਈ। ਇਸ ਦੌਰਾਨ ਲੋਕਾਂ ਨੇ ਨਾਨਕੀ ਛੱਕ ਅਤੇ ਹੋਰ ਰਸਮਾਂ ਦੇ ਨਜ਼ਾਰੇ ਦਾ ਪੂਰਾ ਆਨੰਦ ਮਾਣਿਆ। ਇਸ ਸਮੇਂ ਨਾਨਕੇ ਪਰਿਵਾਰ ਵੱਲੋਂ ਲੜਕੇ ਦੇ ਮਾਮਾ ਜਗਜੀਤ ਸਿੰਘ ਬਰਾੜ, ਅਮਰਜੀਤ ਸਿੰਘ ਬਰਾੜ ਮਾਮਾ, ਗੁਰਮੇਲ ਸਿੰਘ ਗਿੱਲ, ਬਲਜਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਬਰਾੜ, ਬੂਟਾ ਸਿੰਘ ਬਰਾੜ, ਮਾਮੀਆਂ 'ਚ ਸੁਖਵਿੰਦਰ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਗੁਰਦੀਪ ਕੌਰ, ਜਸਵੀਰ ਕੌਰ, ਨਾਨੀ ਧੰਨ ਕੌਰ ਬਰਾੜ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ।