ਵਿਆਹ ਕਰਵਾ ਕੇ ਅਮਰੀਕਾ ਲੈ ਜਾਣ ਦਾ ਝਾਂਸਾ ਦੇ ਕੇ ਕਰਦਾ ਰਿਹਾ ਜਬਰ-ਜ਼ਨਾਹ

08/05/2019 5:55:25 PM

ਮੋਗਾ (ਅਜ਼ਾਦ) : ਮੋਗਾ ਨਿਵਾਸੀ ਇਕ ਲੜਕੀ ਨੇ ਇਨਕਮ ਟੈਕਸ ਵਿਭਾਗ ਵਿਚ ਕੰਮ ਕਰਦੇ ਗੁਰਪ੍ਰਕਾਸ਼ ਸਿੰਘ ਨਿਵਾਸੀ ਮੋਗਾ ਤੇ ਉਸ ਨੂੰ ਅਮਰੀਕਾ ਲੈ ਜਾਣ ਅਤੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਏ ਜਾਣ ਦੇ ਦੋਸ਼ ਲਗਾਏ ਹਨ। ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ ਉਸਨੇ ਇਕ ਬੇਟੀ ਨੂੰ ਵੀ ਜਨਮ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ।

ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਹ ਪ੍ਰਾਈਵੇਟ ਤੌਰ 'ਤੇ ਕੰਮ ਕਰਦੀ ਹੈ ਜਦਕਿ ਉਸਦਾ ਪਿਤਾ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਨੇ ਕਿਹਾ ਕਿ ਗੁਰਪ੍ਰਕਾਸ਼ ਸਿੰਘ ਨੇ ਉਸਨੇ ਕਿਹਾ ਕਿ ਉਹ ਇਨਕਮ ਟੈਕਸ ਵਿਭਾਗ ਵਿਚ ਕੰਮ ਕਰਦਾ ਹੈ, ਹੌਲੀ-ਹੌਲੀ ਉਹ ਸਾਡੇ ਘਰ ਆਉਣ ਲੱਗਾ ਅਤੇ ਉਸਨੇ ਮੈਨੂੰ ਕਿਹਾ ਕਿ ਉਸਨੇ ਅਮਰੀਕਾ ਦਾ ਫੈਮਿਲੀ ਵੀਜ਼ਾ ਲਗਵਾਉਣਾ ਹੈ, ਉਹ ਮੈਨੂੰ ਵੀ ਅਮਰੀਕਾ ਲੈ ਜਾਵੇਗਾ, ਜਿਸ ਤੋਂ ਬਾਅਦ ਉਹ ਇਸ ਆੜ ਵਿਚ ਉਹ ਵਿਆਹ ਕਰਵਾ ਕੇ ਉਸ ਨੂੰ ਅਮਰੀਕਾ ਲੈ ਜਾਵੇਗਾ, ਜਬਰ-ਜ਼ਨਾਹ ਕਰਦਾ ਰਿਹਾ। ਮੈਂ ਕਈ ਵਾਰ ਉਸ ਨੂੰ ਰੋਕਣ ਦਾ ਯਤਨ ਕੀਤਾ ਪਰ ਉਸਨੇ ਕਿਹਾ ਕਿ ਉਹ ਮਰ ਜਾਵੇਗਾ ਜਾਂ ਮੈਨੂੰ ਮਾਰ ਦੇਵੇਗਾ। ਉਹ ਮੈਨੂੰ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਦਿੱਲੀ ਵੀ ਇਹ ਕਹਿ ਕੇ ਕਈ ਵਾਰ ਲੈ ਕੇ ਗਿਆ ਕਿ ਮੇਰੇ ਦਸਤਾਵੇਜ਼ ਅੰਬੈਂਸੀ ਵਿਚ ਲਗਾਉਣੇ ਹਨ।

ਆਪਣੇ ਨਾਮ 'ਤੇ ਹੀ ਬਣਾਏ ਜਾਅਲੀ ਦਸਤਾਵੇਜ਼
ਪੀੜਤਾ ਨੇ ਕਿਹਾ ਕਿ ਕਥਿਤ ਦੋਸ਼ੀ ਨੇ ਉਸ ਨੂੰ ਅਪਣੇ ਜਾਲ ਵਿਚ ਅਜਿਹਾ ਫਸਾਇਆ ਅਤੇ ਉਸ ਨੂੰ ਸ਼ੱਕ ਵੀ ਨਹੀਂ ਹੋਣ ਦਿੱਤਾ ਅਤੇ ਉਸਨੇ ਉਸਦਾ ਆਧਾਰ ਕਾਰਡ, ਗੈਸ ਕੁਨੈਕਸ਼ਨ ਦੀ ਕਾਪੀ ਅਤੇ ਬੈਂਕ ਆਫ ਇੰਡੀਆ ਦੀ ਕਾਪੀ ਵੀ ਮੇਰੇ ਨਾਮ ਦੇ ਨਾਲ ਆਪਣਾ ਨਾਮ ਲਿਖ ਕੇ ਬਣਵਾਏ ਅਤੇ ਉਸਨੇ ਕਿਹਾ ਕਿ ਜੇਕਰ ਅਸੀਂ ਪਰੂਫ ਨਾ ਪੇਸ਼ ਕਰ ਸਕੇ ਤਾਂ ਸਾਨੂੰ ਵੀਜ਼ਾ ਨਹੀਂ ਮਿਲੇਗਾ।

ਗਰਭਵਤੀ ਹੋਣ ਤੇ ਦਿੱਤਾ ਬੇਟੀ ਨੂੰ ਜਨਮ
ਪੀੜਤਾ ਨੇ ਕਿਹਾ ਕਿ ਕਥਿਤ ਦੋਸ਼ੀ ਗੁਰਪ੍ਰਕਾਸ਼ ਸਿੰਘ ਵਲੋਂ ਮੇਰੇ ਨਾਲ ਕੀਤੇ ਗਏ ਜਬਰ-ਜ਼ਨਾਹ ਦੇ ਚੱਲਦੇ ਅਕਤੂਬਰ 2018 ਨੂੰ ਗਰਭਵਤੀ ਹੋ ਗਈ ਅਤੇ ਮੈਂ ਜਦ ਉਸ ਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਵਾਵੇ ਤਾਂ ਉਸਨੇ ਕਿਹਾ ਕਿ ਮੇਰਾ-ਮੇਰੀ ਪਤਨੀ ਨਾਲ ਤਲਾਕ ਦਾ ਮਾਮਲਾ ਚੱਲ ਰਿਹਾ ਹੈ, ਜਦੋਂ ਉਹ ਨਿਪਟ ਜਾਵੇਗਾ ਤਾਂ ਉਹ ਮੇਰੇ ਨਾਲ ਵਿਆਹ ਕਰਵਾ ਲਵੇਗਾ। ਮੈਂ ਗਰਭਵਤੀ ਹੋਣ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਮੈਨੂੰ ਗੁਰਪ੍ਰਕਾਸ਼ ਨੇ ਅਕਾਲਸਰ ਗੁਰਦੁਆਰਾ ਸਾਹਿਬ ਦੇ ਨੇੜੇ ਇਕ ਕਮਰਾ ਕਿਰਾਏ 'ਤੇ ਲੈ ਕੇ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਬੱਚਾ ਨਹੀਂ ਹੁੰਦਾ ਉਹ ਤੇਰੇ ਨਾਲ ਰਹੇਗਾ ਪਰ ਉਹ ਦਸ ਦਿਨ ਹੀ ਮੇਰੇ ਨਾਲ ਰਿਹਾ ਅਤੇ ਮੈਨੂੰ ਛੱਡ ਕੇ ਆਪਣੀ ਪਤਨੀ ਨਾਲ ਚਲਾ ਗਿਆ। ਆਖਿਰ ਮੈਂ ਅਪਣੇ ਪਿਤਾ ਦੇ ਘਰ ਆ ਗਈ ਅਤੇ ਜੂਨ 2019 ਨੂੰ ਮੈਂ ਇਕ ਬੇਟੀ ਨੂੰ ਜਨਮ ਦਿੱਤਾ ਪਰ ਗੁਰਪ੍ਰਕਾਸ਼ ਮੈਨੂੰ ਮਿਲਣ ਨਹੀਂ ਆਇਆ ਅਤੇ ਫੋਨ 'ਤੇ ਹੀ ਗੱਲ ਕਰਦਾ ਰਿਹਾ। ਪੀੜਤਾ ਨੇ ਕਿਹਾ ਕਿ ਕਥਿਤ ਦੋਸ਼ੀ ਮੈਨੂੰ ਅਮਰੀਕਾ ਲੈ ਜਾਣ ਅਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ।

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਥਾਣਾ ਸਿਟੀ ਸਾਊਥ ਦੀ ਥਾਣੇਦਾਰ ਪ੍ਰਭਜੋਤ ਕੌਰ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿਚ ਪੀੜਤਾ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਗੁਰਪ੍ਰਕਾਸ਼ ਸਿੰਘ ਪੁੱਤਰ ਬਲਦੇਵ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾ ਦਾ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਚੈਕਅਪ ਕਰਵਾਇਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਉਸਦੇ ਬਿਆਨ ਦਰਜ ਕਰਵਾਏ ਜਾਣੇ ਬਾਕੀ ਹਨ। ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Gurminder Singh

This news is Content Editor Gurminder Singh