ਵਿਆਹ ਵਾਲੇ ਘਰ ਹੋਈ ਵੱਡੀ ਵਾਰਦਾਤ, ਡੀ. ਜੇ. ''ਤੇ ਹੋਈ ਲੜਾਈ ਨੂੰ ਲੈ ਕੇ ਹੋ ਗਿਆ ਕਤਲ (ਤਸਵੀਰਾਂ)

09/26/2017 7:48:36 PM

ਸੰਗਤ ਮੰਡੀ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਵਿਖੇ ਬੀਤੇ ਦਿਨੀਂ ਵਿਆਹ 'ਚ ਡੀ.ਜੇ 'ਤੇ ਨੱਚਣ ਸਬੰਧੀ ਹੋਏ ਝਗੜੇ ਨੂੰ ਲੈ ਕੇ ਪਿੰਡ ਦੇ ਹੀ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਲੋਂ ਦੋ ਵਿਅਕਤੀਆਂ ਨੂੰ ਡਾਂਗਾ ਸੋਟਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਨ੍ਹਾਂ ਨੂੰ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਬੀਤੀ ਰਾਤ ਇਕ ਵਿਅਕਤੀ ਦੀ ਮੌਤ ਹੋ ਗਈ। ਬਹਾਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਜੈਲਾ ਸਿੰਘ ਦੇ ਪੁੱਤਰ ਰਾਜਦੀਪ ਸਿੰਘ ਦਾ ਵਿਆਹ ਸੀ। ਸ਼ਾਮ ਸਮੇਂ ਉਨ੍ਹਾਂ ਦੇ ਘਰ 'ਚ ਡੀ.ਜੇ ਲੱਗਦਾ ਹੋਇਆ ਸੀ। ਇਸ ਮੌਕੇ ਪਿੰਡ ਦੇ ਹੀ ਲਵਪ੍ਰੀਤ ਸਿੰਘ, ਜੱਗੂ ਸਿੰਘ ਉਥੇ ਨੱਚਣ ਲਈ ਆ ਗਏ ਜਿਨ੍ਹਾਂ ਨੂੰ ਵਿਆਹ ਵਾਲੇ ਲੜਕੇ ਦੇ ਪਿਤਾ ਜੈਲਾ ਸਿੰਘ ਨੇ ਇਹ ਕਹਿ ਕੇ ਨੱਚਣ ਤੋਂ ਰੋਕ ਦਿੱਤਾ ਕਿ ਇਥੇ ਔਰਤਾਂ ਨੱਚ ਰਹੀਆਂ ਨੇ ਇਸ ਗੱਲ ਤੋਂ ਉਕਤ ਲੜਕਿਆਂ ਵਲੋਂ ਗੁੱਸਾ ਮਨਾਇਆ ਗਿਆ 'ਤੇ ਉਹ ਇਕ ਵਾਰ ਘਰੋਂ ਚਲੇ ਗਏ।
ਉਨ੍ਹਾਂ ਕਿਹਾ ਕਿ ਰਾਤੀ 10 ਵਜੇ ਦੇ ਕਰੀਬ ਜਦ ਜੈਲਾ ਸਿੰਘ ਗਲੀ 'ਚ ਲੱਗੀਆਂ ਲੜੀਆਂ ਸਿੱਧੀਆਂ ਕਰ ਰਿਹਾ ਸੀ ਤਾਂ ਉਕਤ ਲੜਕੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਆ ਗਏ ਅਤੇ ਡਾਂਗਾ-ਸੋਟਿਆਂ ਨਾਲ ਜੈਲਾ ਸਿੰਘ ਦੇ ਸਿਰ 'ਚ ਹਮਲਾ ਕਰ ਦਿੱਤਾ, ਜਦੋਂ ਉਸ ਦਾ ਪਿਤਾ ਬਲਦੇਵ ਸਿੰਘ ਨੂੰ ਲੱਗਾ ਤਾਂ ਉਹ ਜੈਲਾ ਸਿੰਘ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਉਕਤ ਲੜਕਿਆਂ ਵਲੋਂ 'ਤੇ ਵੀ ਕਈ ਵਾਰ ਕੀਤੇ ਗਏ। ਰੌਲਾ ਪੈਣ 'ਤੇ ਉਕਤ ਲੜਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਵਲੋਂ ਜ਼ਖ਼ਮੀਆਂ ਨੂੰ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਬਲਦੇਵ ਸਿੰਘ ਦੀ ਬੀਤੀ ਰਾਤ ਮੌਤ ਹੋ ਗਈ।
ਪੁਲਸ ਵਲੋਂ ਮ੍ਰਿਤਕ ਬਲਦੇਵ ਸਿੰਘ ਦੇ ਲੜਕੇ ਬਹਾਦਰ ਸਿੰਘ ਦੇ ਬਿਆਨਾਂ 'ਤੇ ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ, ਜੱਗੂ ਸਿੰਘ ਪੁੱਤਰ ਜੀਤ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਕਾਕਾ ਕੀੜੂ ਕਾ, ਸੋਮਾ ਪੁੱਤਰ ਫੂਲਾ ਸਿੰਘ, ਗੁਰਜੰਟ ਸਿੰਘ ਪੁੱਤਰ ਮਲਕੀਤ ਸਿੰਘ, ਨਿਰਮਲ ਸਿੰਘ ਪੁੱਤਰ ਚੈਨਾ ਸਿੰਘ 'ਤੇ ਮਨਜੀਤ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਪਥਰਾਲਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮੰਗਲਵਾਰ ਸਵੇਰੇ ਪਰਿਵਾਰਕ ਮੈਂਬਰਾਂ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਿੰਡ ਲਿਜਾਇਆ ਗਿਆ।
ਪਰਿਵਾਰਕ ਮੈਂਬਰਾਂ ਵਲੋਂ ਕਤਲ ਦੇ ਮੁੱਖ ਦੋਸ਼ੀਆਂ ਨੂੰ ਇਸ ਮਾਮਲੇ 'ਚੋਂ ਬਾਹਰ ਰੱਖਣ 'ਤੇ ਅਤੇ ਕਈ ਘੰਟੇ ਬੀਤ ਜਾਣ 'ਤੇ ਵੀ ਪੁਲਸ ਵਲੋਂ ਨਾਮਜ਼ਦ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਨਾ ਕੀਤੀ ਤਾਂ ਉਨ੍ਹਾਂ ਲਾਸ਼ ਨੂੰ ਮੁੱਖ ਸੜਕ 'ਤੇ ਰੱਖ ਕੇ ਜਾਮ ਲਗਾ ਦਿੱਤਾ ਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਅਖੀਰ ਪੁਲਸ ਵਲੋਂ ਧਰਨਾਕਾਰੀਆਂ ਦੀ ਗੱਲ ਨਾਲ ਸਹਿਮਤ ਹੁੰਦਿਆਂ ਕਤਲ 'ਚ ਕੁੱਝ ਹੋਰ ਦੋਸ਼ੀਆਂ ਦੇ ਨਾਂ ਸ਼ਾਮਲ ਕਰਨ ਨੂੰ ਸਹਿਮਤੀ ਦੇ ਦਿੱਤੀ।