ਵਿਆਹ ਵਾਲੇ ਘਰ ਪਏ ਕੀਰਣੇ, ਘੋੜੀ ਚੜ੍ਹਨ ਤੋਂ ਪਹਿਲਾਂ ਹੋਈ ਡੀ. ਜੇ. ''ਤੇ ਨੱਚ ਰਹੇ ਲਾੜੇ ਦੀ ਹੋਈ ਮੌਤ

09/24/2017 7:41:19 PM

ਦਿੜ੍ਹਬਾ ਮੰਡੀ (ਅਜੈ, ਬਾਸਲ) : ਪਿੰਡ ਦੀਵਾਨਗੜ੍ਹ ਕੈਂਪਰ ਵਿਖੇ ਇਕ ਪਰਿਵਾਰ ਦੀਆਂ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ, ਜਦੋ ਬੀਤੀ ਸ਼ਾਮ ਅਚਾਨਕ ਕਰੰਟ ਲੱਗਣ ਨਾਲ ਵਿਆਹ ਵਾਲੇ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਕਰੀਬੀ ਜੋਧਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਨਾਮ ਸਿੰਘ (25) ਪੁੱਤਰ ਸਵ. ਮਿੱਠੂ ਸਿੰਘ ਦਾ ਅੱਜ ਵਿਆਹ ਸੀ ਅਤੇ ਰਾਤ ਸਮੇਂ ਘਰ 'ਚ ਡੀ.ਜੇ. ਲਗਾ ਕੇ ਨੱਚ-ਟੱਪ ਕੇ ਖੁਸ਼ੀ ਮਨਾਈ ਜਾ ਰਹੀ ਸੀ।
ਇਸ ਦੌਰਾਨ ਅਚਾਨਕ ਹੀ ਘਰ ਵਿਚ ਲੱਗੀਆਂ ਲੋਹੇ ਦੀਆਂ ਚਗਾਠਾਂ ਵਿਚ ਆਏ ਕਰੰਟ ਨਾਲ ਲੱਗਣ ਕਾਰਨ ਸਤਨਾਮ ਸਿੰਘ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਪਹਿਲਾਂ ਦਿੜ੍ਹਬਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਰੋਗਲਾ ਵਿਖੇ ਮੋਬਾਇਲ ਦੀ ਦੁਕਾਨ ਕਰਦਾ ਸੀ। ਉਕਤ ਨੌਜਵਾਨ ਦੀ ਮੌਤ ਨੂੰ ਲੈ ਕੇ ਪਿੰਡ ਅੰਦਰ ਗਮੀ ਦਾ ਮਾਹੌਲ ਹੈ।