ਵਿਆਹ ਤੋਂ ਕੁੱਝ ਮਹੀਨੇ ਬਾਅਦ ਨਵ ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਨੇ ਕਿਹਾ ਧੀ ਦਾ ਹੋਇਆ ਕਤਲ

09/10/2021 10:37:04 PM

ਸੁਲਤਾਨਪੁਰ ਲੋਧੀ (ਧੀਰ) : ਸੁਲਤਾਨਪੁਰ ਲੋਧੀ ’ਚ ਬੀਤੀ ਸ਼ਾਮ ਇਕ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵ-ਵਿਆਹੁਤਾ ਮੁਸਕਾਨ ਦਾ ਵਿਆਹ 10 ਮਹੀਨੇ ਪਹਿਲਾਂ ਸੰਨੀ ਨਾਂ ਦੇ ਨੌਜਵਾਨ ਵਾਸੀ ਰੂਰਲ ਚੰਡੀਗੜ੍ਹ ਬਸਤੀ ਨਾਲ ਹੋਇਆ ਸੀ ਅਤੇ ਮੁਸਕਾਨ ਹੁਣ ਗਰਭਵਤੀ ਵੀ ਸੀ। ਮ੍ਰਿਤਕ ਮੁਸਕਾਨ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ਵੱਲੋਂ ਹੱਤਿਆ ਕਰਨ ਦੇ ਕਥਿਤ ਦੋਸ਼ ਲਾਏ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ, ਮਾਤਾ ਸੀਮਾ, ਭਰਾ ਮੰਗਾ ਅਤੇ ਗਗਨ ਨੇ ਦੱਸਿਆ ਕਿ ਅਸੀਂ ਜੱਗੂ ਸ਼ਾਹ ਡੇਰਾ ਕਪੂਰਥਲਾ ਦੇ ਵਾਸੀ ਹਾਂ। ਸਾਡੀ ਲੜਕੀ ਦਾ ਵਿਆਹ 10 ਮਹੀਨੇ ਪਹਿਲਾਂ ਸੰਨੀ ਵਾਸੀ ਰੂਰਲ ਬਸਤੀ ਚੰਡੀਗੜ੍ਹ ਨਾਲ ਹੋਇਆ ਸੀ ਅਤੇ ਉਸ ਸਮੇਂ ਵੀ ਸਹੁਰਾ ਪਰਿਵਾਰ ਨੂੰ ਅਸੀਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ ਪਰ ਉਹ ਹਮੇਸ਼ਾ ਹੀ ਸਾਡੀ ਲੜਕੀ ਨਾਲ ਕੁੱਟ-ਮਾਰ ਕਰਦੇ ਸਨ। ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ’ਤੇ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਸਾਡੀ ਲੜਕੀ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।

ਇਹ ਵੀ ਪੜ੍ਹੋ : ਬਟਾਲਾ ਦੇ ਹੋਟਲ ’ਚ ਪੁਲਸ ਨੇ ਮਾਰਿਆ ਛਾਪਾ, ਦਰਜਨ ਤੋਂ ਵੱਧ ਮੁੰਡੇ-ਕੁੜੀਆਂ ਇਤਰਾਜ਼ਯੋਗ ਹਾਲਤ ’ਚ ਫੜੇ

ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੇ ਗਲੇ ’ਤੇ ਸੱਟਾਂ ਦੇ ਨਿਸ਼ਾਨ ਵੀ ਹਨ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੀ ਮੌਤ ਨਹੀਂ ਹੋਈ ਹੈ। ਸਾਡੀ ਲੜਕੀ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੱਤਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਮੁਸਕਾਨ ਦੀ ਸੱਸ ਘਰ ’ਚ ਹਮੇਸ਼ਾ ਲੜਈ ਝਗੜਾ ਰੱਖਦੀ ਸੀ ਅਤੇ ਸੰਨੀ ਦਾ ਦੂਜੀ ਵਿਆਹ ਕਰਨ ਦੀਆਂ ਮ੍ਰਿਤਕ ਮੁਸਕਾਨ ਨੂੰ ਧਮਕੀਆਂ ਵੀ ਦਿੰਦੀ ਸੀ ਅਤੇ ਉਸ ਨੂੰ ਉਸ ਦੇ ਸਹੁਰਾ ਪਰਿਵਾਰ ਵਾਲੇ ਹਮੇਸ਼ਾ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਗਰਭਵਤੀ ਵੀ ਸੀ ਪਰ ਫਿਰ ਵੀ ਉਸ ਦੇ ਨਾਲ ਕੁੱਟ-ਮਾਰ ਕਰਦੇ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਪੰਚਾਇਤ ਜ਼ਰੀਏ ਪਤੀ ਸੰਨੀ ਮੁਆਫੀ ਮੰਗ ਕੇ ਫੈਸਲਾ ਕਰ ਕੇ ਮੁਸਕਾਨ ਨੂੰ ਦੁਬਾਰਾ ਘਰ ਲੈ ਕੇ ਗਿਆ ਸੀ।

ਇਹ ਵੀ ਪੜ੍ਹੋ : ਸੜਕ ’ਤੇ ਖੜ੍ਹੇ ਸੀ ਕੁੜੀ-ਮੁੰਡਾ, ਤਿੰਨ ਨੌਜਵਾਨਾਂ ਨੇ ਆ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ

ਉੱਥੇ ਹੀ ਪਰਿਵਾਰ ਵੱਲੋਂ ਇਨਸਾਫ ਲਈ ਲਾਰਡ ਕ੍ਰਿਸ਼ਨਾ ਰੋਡ ’ਤੇ ਧਰਨਾ ਦਿੱਤਾ ਗਿਆ ਅਤੇ ਪੁਲਸ ਪ੍ਰਸ਼ਾਸਨ ਤੋਂ ਲੜਕੀ ਦੇ ਸਹੁਰਾ ਪਰਿਵਾਰ ’ਤੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੌਕੇ ’ਤੇ ਪਹੁੰਚੇ ਥਾਣਾ ਇੰਚਾਰਜ ਹਰਜੀਤ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਪੜਤਾਲ ਕਰ ਕੇ ਮੁਲਜ਼ਮਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਧਰਨਾ ਚੁੱਕ ਲਿਆ ਗਿਆ। ਥਾਣਾ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ’ਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਜੋ ਰਿਪੋਰਟ ਆਵੇਗੀ, ਉਸ ਦੇ ਆਧਾਰ ’ਤੇ ਹੀ ਮੁਲਜ਼ਮਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵੱਡੇ ਅਤੇ ਹੁਣ ਛੋਟੇ ਪੁੱਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਧਾਹਾਂ ਮਾਰ ਰੋਈ ਮਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh