ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ’ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ

05/04/2022 4:56:56 PM

ਰੂਪਨਗਰ (ਵਿਜੇ) : ਜ਼ਿਲ੍ਹਾ ਮੋਰਿੰਡਾ ’ਚ ਇਕ ਵਿਆਹ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਜਦੋਂ ਇਕ ਜਿਊਲਰ ਆਪਣੇ ਪਰਿਵਾਰ ਨਾਲ ਰੂਪਨਗਰ ਵੱਲ ਆ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੇ ਗੱਡੀ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਰੂਪਨਗਰ ਨਿਵਾਸੀ ਸਵਰਨਕਾਰ ਜਤਿੰਦਰ ਵਰਮਾ ਬੰਟੀ ਨੇ ਦੱਸਿਆ ਕਿ ਉਹ ਬੀਤੀ ਰਾਤ ਵਿਆਹ ਅਟੈਂਡ ਕਰਨ ਤੋਂ ਬਾਅਦ ਪਤਨੀ ਜੋਤੀ ਵਰਮਾ, ਲੜਕੇ ਜਤਿਨ ਵਰਮਾ ਤੇ ਲੜਕੀ ਮੁਸਕਾਨ ਵਰਮਾ ਨਾਲ ਮੋਰਿੰਡਾ ਤੋਂ ਰੂਪਨਗਰ ਲਈ ਰਵਾਨਾ ਹੋਏ ਤਾਂ ਰੂਪਨਗਰ-ਮੋਰਿੰਡਾ ਮਾਰਗ ’ਤੇ ਇਕ ਗੱਡੀ ਉਨ੍ਹਾਂ ਕੋਲ ਆ ਕੇ ਰੁਕ ਗਈ। ਗੱਡੀ ’ਚ ਸਵਾਰ ਲੋਕਾਂ ਵੱਲੋਂ ਤੇਜ਼ਧਾਰ ਹਥਿਆਰ ਤੇ ਬੇਸ ਬੈਟ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ ਪਰ ਉਨ੍ਹਾਂ ਦਾ ਲੜਕਾ ਮੌਕੇ ਤੋਂ ਗੱਡੀ ਭਜਾਉਣ ’ਚ ਕਾਮਯਾਬ ਰਿਹਾ ਪਰ ਫਿਰ ਵੀ ਹਮਲਾਵਰਾਂ ਵੱਲੋ ਉਨ੍ਹਾਂ ਦਾ ਪਿੱਛਾ ਕੀਤਾ ਗਿਆ।

ਉਨ੍ਹਾਂ ਦੱਸਿਆ ਘਟਨਾ ਦੀ ਸੂਚਨਾ ਦੇਣ ਲਈ ਜਦੋਂ ਉਨ੍ਹਾਂ ਵੱਲੋਂ ਪੁਲਸ ਕੰਟਰੋਲ ਰੂਮ ਸਮੇਤ ਉੱਚ ਅਧਿਕਾਰੀਆਂ ਨੂੰ ਫੋਨ ਕੀਤੇ ਗਏ ਤਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਪੱਸ਼ਟ ਜਵਾਬ ਨਹੀਂ ਮਿਲਿਆ ਤੇ ਉਨ੍ਹਾਂ ਗੱਡੀ ਭਜਾ ਕੇ ਆਪਣੇ ਘਰ ਪਹੁੰਚ ਕੇ ਸੁੱਖ ਦਾ ਸਾਹ ਲਿਆ। ਉਨ੍ਹਾਂ ਸਰਕਾਰ ਨੂੰ ਸੂਬੇ ਵਿਚ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਕਰ ਕੇ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾਵੇ।


Gurminder Singh

Content Editor

Related News