ਘਰ ''ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, ਮਚਿਆ ਕੋਹਰਾਮ (ਤਸਵੀਰਾਂ)

05/16/2020 11:05:08 PM

ਲੁਧਿਆਣਾ (ਮੁਕੇਸ਼)— ਵਾਪਰੇ ਭਿਆਨਕ ਹਾਦਸੇ 'ਚ ਪਤੀ-ਪਤਨੀ ਦੀ ਮੌਤ ਦੀ ਖਬਰ ਨਾਲ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ। ਦੂਜੇ ਪਾਸੇ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮ੍ਰਿਤਕ ਦੇ ਪੁੱਤਰ ਮਹਿਤਾਬ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਮੇਹਰ ਸਿੰਘ, ਸੁਰਜੀਤ ਕੌਰ ਸਵੇਰੇ ਮੋਟਰਸਾਈਕਲ 'ਤੇ ਪਿੰਡ ਹਵਾਸ ਲਈ ਜਾ ਰਹੇ ਸਨ। ਰਸਤੇ 'ਚ ਉਨ੍ਹਾਂ ਨੇ ਬੈਂਕ ਵੀ ਜਾਣਾ ਸੀ। ਉਸ ਦੇ ਪਿਤਾ ਪਿੰਡ ਬੀਜਾ ਵਿਖੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਦੀ ਨੌਕਰੀ ਕਰਦੇ ਹਨ। ਉਹ ਵੀ ਨਾਲ ਉੱਥੇ ਹੀ ਨੌਕਰੀ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਸਵੇਰੇ ਉਸ ਦੇ ਮਾਤਾ-ਪਿਤਾ ਬਾਈਕ 'ਤੇ ਦਿੱਲੀ-ਜਲੰਧਰ ਹਾਈਵੇ ਤੋਂ ਲੰਘ ਰਹੇ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਸੂਤਰਾਂ ਮੁਤਾਬਕ ਟੱਕਰ ਮਾਰਨ ਵਾਲਾ ਵਾਹਨ ਟਰੱਕ ਦੱਸਿਆ ਜਾਂਦਾ ਹੈ। ਟੱਕਰ ਮਗਰੋਂ ਉਸ ਦੇ ਮਾਤਾ-ਪਿਤਾ ਸੜਕ 'ਤੇ ਜਾ ਡਿੱਗੇ ਅਤੇ ਕਿਸੇ ਨੇ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣਾ ਵੀ ਮੁਨਾਸਿਬ ਨਹੀਂ ਸਮਝਿਆ। ਹੋਰ ਤਾਂ ਹੋਰ ਲੋਕ ਮੋਬਾਈਲ 'ਤੇ ਵੀਡੀਓ ਬਣਾਉਂਦੇ ਰਹੇ ਜਿਸ ਕਾਰਨ ਮਨੁੱਖਤਾ ਸ਼ਰਮਸਾਰ ਹੁੰਦੀ ਨਜ਼ਰ ਆਈ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਕੀ ਪਤਾ ਉਨ੍ਹਾਂ ਦੀ ਜਾਨ ਬਚ ਜਾਂਦੀ ਪਰ ਇੰਝ ਹੋਇਆ ਨਹੀਂ। 

ਉਸ ਦੇ ਵਿਆਹ ਦੀਆਂ ਘਰ 'ਚ ਤਿਆਰੀਆਂ ਚੱਲ ਰਹੀਆਂ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਅੱਜ ਦੀ ਸਵੇਰ ਉਨ੍ਹਾਂ ਲਈ ਕਾਲੀ ਬਣ ਕੇ ਆਏਗੀ। ਜਵਾਈ ਗੁਰਪ੍ਰੀਤ ਸਿੰਘ, ਮ੍ਰਿਤਕ ਦੇ ਭਾਈ ਹਰਵਿੰਦਰ ਸਿੰਘ ਨੇ ਕਿਹਾ ਕਿ ਪੁੱਤਰ ਦੇ ਵਿਆਹ ਦਾ ਭਾਪਾ ਜੀ ਤੇ ਮਾਤਾ ਨੂੰ ਬੜਾ ਚਾਅ ਚੜ੍ਹਿਆ ਹੋਇਆ ਸੀ। ਇੱਕੋ ਤਾਂ ਮੁੰਡਾ ਸੀ ਧੀਆਂ ਦੋਵੇਂ ਵਿਆਹ ਦਿੱਤੀਆਂ ਹਨ। ਬਾਕੀ ਹੋਰ ਰਿਸ਼ਤੇਦਾਰ ਆਦਿ ਵੀ ਮਹਿਤਾਬ ਦੇ ਵਿਆਹ ਨੂੰ ਲੈ ਕੇ ਬੜੇ ਖੁਸ਼ ਸਨ ਪਰ ਮਾਤਾ-ਪਿਤਾ ਦੀ ਹਾਦਸੇ 'ਚ ਹੋਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਥੇ ਘਰ ਵਿਖੇ ਖੁਸ਼ੀਆਂ ਦਾ ਮਾਹੌਲ ਸੀ, ਉੱਥੇ ਰੋਣ-ਪਿੱਟ ਤੇ ਸੰਨਾਟਾ ਛਾਇਆ ਹੋਇਆ ਹੈ।

ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਿਖੇ ਵੀ ਗ੍ਰੰਥੀ ਅਤੇ ਉਸ ਦੀ ਪਤਨੀ ਦੀ ਮੌਤ ਨੂੰ ਲੈ ਕੇ ਸੋਗ ਛਾਇਆ ਹੋਇਆ ਹੈ। ਪਰਿਵਾਰ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh