ਬਾਜ਼ਾਰਾਂ ''ਚ ਧੜੱਲੇ ਨਾਲ ਵਿਕ ਰਿਹੈ ਗਲਿਆ-ਸੜਿਆ ਫਰੂਟ

10/24/2017 7:11:05 AM

ਫਗਵਾੜਾ, (ਰੁਪਿੰਦਰ ਕੌਰ)- ਫਗਵਾੜਾ ਦੇ ਬਾਜ਼ਾਰਾਂ 'ਚ ਹਮੇਸ਼ਾ ਹੀ ਦੁਕਾਨਾਂ ਤੇ ਰੇਹੜੀਆਂ 'ਤੇ ਗਲੇ-ਸੜੇ ਫਰੂਟਾਂ ਦੇ ਢੇਰ ਲੱਗੇ ਦਿਸਦੇ ਹਨ ਪਰ ਸਾਡਾ ਸਿਹਤ ਵਿਭਾਗ ਤੇ ਉਸਦੇ ਕਰਮਚਾਰੀਆਂ ਨੇ ਅੱਖਾਂ ਬੰਦ ਕਰਕੇ ਸਭ ਕੁਝ ਦੇਖ ਕੇ ਅਣਦੇਖਿਆ ਕਰਨ ਦੀ ਸਹੁੰ ਖਾਧੀ ਹੋਈ ਹੈ। ਅੱਜ ਕੱਲ ਦੇ ਮੌਸਮ 'ਚ ਡਾਕਟਰਾਂ ਵਲੋਂ ਜੀਵਾਣੂਆਂ ਦੇ ਵਾਧੇ ਕਾਰਨ ਨਾਲ ਹਰ ਪੱਖੋਂ ਸਾਫ-ਸੁਥਰਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਉਹੀ ਸਿਹਤ ਵਿਭਾਗ ਨੇ ਨੇੜਲੇ ਦਿਨਾਂ 'ਚ ਕੋਈ ਵੀ ਛਾਪੇਮਾਰੀ ਨਹੀਂ ਕੀਤੀ ਤੇ ਨਾ ਹੀ ਕਿਸੇ ਦੁਕਾਨਦਾਰ ਦਾ ਕੋਈ ਚਲਾਨ ਕੱਟਣ ਦੀ ਖਬਰ ਆਈ ਹੈ। 
ਜ਼ਿਕਰਯੋਗ ਹੈ ਕਿ ਜਿਥੇ ਡੇਂਗੂ ਵਾਇਰਲ ਤੇ ਮੌਸਮੀ ਬੁਖਾਰ ਦੇ ਸੀਜ਼ਨ 'ਚ ਆਮ ਲੋਕ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਬੀਮਾਰੀ ਨਾਲ ਲੜ ਰਹੇ ਹਨ, ਉਥੇ ਹੀ ਵਧੀਆ ਸਿਹਤ ਸੇਵਾਵਾਂ ਦਾ ਵਾਅਦਾ ਕਰਨ ਵਾਲਾ ਸਿਹਤ ਵਿਭਾਗ ਬਾਜ਼ਾਰਾਂ 'ਚ ਵਿਕਣ ਵਾਲੀਆਂ ਘਟੀਆ ਕੁਆਲਟੀ ਦੀਆਂ ਖਾਣ ਵਾਲੀਆਂ ਚੀਜ਼ਾਂ ਪ੍ਰਤੀ ਸਮਝੌਤਾ ਕਰੀ ਬੈਠਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਹੋਲਸੇਲ ਫਰੂਟ ਵਿਕਰੇਤਾ ਫਲਾਂ ਨੂੰ ਮਸਾਲਾ ਲਗਾ ਕੇ ਸਮੇਂ ਤੋਂ ਪਹਿਲਾਂ ਹੀ ਪੱਕਣਯੋਗ ਬਣਾ ਕੇ ਮਾਰਕੀਟ 'ਚ ਵੇਚਦੇ ਹਨ, ਜੋ ਕਿ ਸਵਾਦ ਤੇ ਸਿਹਤ ਲਈ ਹਾਨੀਕਾਰਕ ਹੈ।
ਨਿਰਦੇਸ਼ਾਂ ਦਾ ਦੁਰਉਪਯੋਗ- ਨਿਰਦੇਸ਼ਾਂ ਅਨੁਸਾਰ ਛਾਂਟੀ ਕਰਨ ਤੋਂ ਬਾਅਦ ਗਲਿਆ-ਸੜਿਆ ਫਰੂਟ ਨਸ਼ਟ ਕਰਨਾ ਹੁੰਦਾ ਹੈ ਪਰ ਦੁਕਾਨਦਾਰ ਇਸ ਫਰੂਟ ਨੂੰ ਘੱਟ ਮੁੱਲ 'ਤੇ ਵੇਚ ਕੇ ਖਾਸ ਕਰਕੇ ਗਰੀਬਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।