ਸਬਜ਼ੀ ਮੰਡੀ ''ਚ ਬੋਲੀ ਸਮੇਂ ਮਾਰਕੀਟ ਕਮੇਟੀ ਦੇ ਮੁਲਾਜ਼ਮ ਰਹਿੰਦੇ ਹਨ ਗੈਰ-ਹਾਜ਼ਰ

04/12/2018 11:32:00 AM

ਫਤਿਹਗੜ੍ਹ ਪੰਜਤੂਰ (ਰੋਮੀ) - ਪੰਜਾਬ ਸਰਕਾਰ ਤੇ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੀਆਂ ਸਮੂਹ ਸਬਜ਼ੀ ਮੰਡੀਆਂ 'ਚ ਮਾਰਕੀਟ ਕਮੇਟੀ ਮੁਲਾਜ਼ਮਾਂ ਦੀ ਹਾਜ਼ਰੀ 'ਚ ਸਵੇਰ ਸਮੇਂ ਬੋਲੀ ਕਰਵਾਈ ਜਾਂਦੀ ਹੈ ਪਰ ਸਥਾਨਕ ਕਸਬੇ ਦੀ ਸਬਜ਼ੀ ਮੰਡੀ 'ਚ ਇਨ੍ਹਾਂ ਨਿਯਮਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। 
ਜਾਣਕਾਰੀ ਅਨੁਸਾਰ ਕਸਬੇ ਦੀ ਸਬਜ਼ੀ ਮੰਡੀ 'ਚ ਮਾਰਕੀਟ ਕਮੇਟੀ ਦੇ 2 ਮੁਲਾਜ਼ਮਾਂ ਦੀ ਡਿਊਟੀ ਸਵੇਰ ਸਮੇਂ ਬੋਲੀ ਕਰਵਾਉਣ ਲਈ ਉੱਚ ਅਧਿਕਾਰੀਆਂ ਵੱਲੋਂ ਲਾਈ ਹੋਈ ਹੈ ਪਰ ਉਕਤ ਦੋਨੋਂ ਮੁਲਾਜ਼ਮ ਸਵੇਰ ਸਮੇਂ ਬੋਲੀ ਕਰਵਾਉਣ ਲਈ ਕਦੇ ਵੀ ਸਬਜ਼ੀ ਮੰਡੀ 'ਚ ਨਹੀਂ ਪਹੁੰਚਦੇ।
ਇਸ ਲਈ ਦੋਨੋਂ ਕਰਮਚਾਰੀਆਂ ਦੀ ਗੈਰ-ਹਾਜ਼ਰੀ 'ਚ ਸਬਜ਼ੀ ਮੰਡੀ ਦੇ ਆੜ੍ਹਤੀਆਂ ਵੱਲੋਂ ਸਬਜ਼ੀ ਦੀ ਬੋਲੀ ਕਰਵਾਈ ਜਾਂਦੀ ਹੈ। ਜਾਣਕਾਰੀ ਅਨੁਸਾਰ ਜੋ ਸਬਜ਼ੀ ਜ਼ਿਮੀਂਦਾਰਾਂ ਵੱਲੋਂ ਮੰਡੀ 'ਚ ਲਿਆਂਦੀ ਜਾਂਦੀ ਹੈ, ਉਸ ਸਬਜ਼ੀ ਦੀ ਆਮਦ ਮਾਤਰਾ ਅਨੁਸਾਰ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਵੱਲੋਂ ਬੋਲੀ ਰਜਿਸਟਰ 'ਚ ਨਾਲ ਦੀ ਨਾਲ ਦਰਜ ਕਰਨੀ ਹੁੰਦੀ ਹੈ ਪਰ ਮੌਕੇ 'ਤੇ ਕੋਈ ਵੀ ਮੁਲਾਜ਼ਮ ਹਾਜ਼ਰ ਨਾ ਹੋਣ ਕਰ ਕੇ ਉਕਤ ਸਬਜ਼ੀ ਦੀ ਆਮਦ ਮਾਤਰਾ ਸਬਜ਼ੀ ਮੰਡੀ ਦੇ ਆੜ੍ਹਤੀਆਂ ਵੱਲੋਂ ਇਕ ਕੱਚੀ ਲਿਸਟ 'ਤੇ ਨੋਟ ਕਰ ਲਈ ਜਾਂਦੀ ਹੈ।  ਨੋਟ ਕੀਤੀ ਗਈ ਲਿਸਟ ਨੂੰ ਬਾਅਦ 'ਚ ਦੁਪਹਿਰ ਸਮੇਂ ਡਿਊਟੀ 'ਤੇ ਤਾਇਨਾਤ ਉਕਤ ਮੁਲਾਜ਼ਮਾਂ ਵੱਲੋਂ ਵੱਖ-ਵੱਖ ਸਬਜ਼ੀ ਦੀਆਂ ਦੁਕਾਨਾਂ 'ਤੇ ਜਾ ਕੇ ਆਪਣੇ ਬੋਲੀ ਰਜਿਸਟਰ 'ਚ ਨੋਟ ਕੀਤਾ ਜਾਂਦਾ ਹੈ, ਜੋ ਕਿ ਮੰਡੀ ਬੋਰਡ ਦੇ ਨਿਯਮਾਂ ਖਿਲਾਫ ਹੈ।

ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹੋ ਰਹੀ ਹੈ ਮਾਰਕੀਟ ਫੀਸ ਦੀ ਚੋਰੀ
ਜਾਣਕਾਰੀ ਅਨੁਸਾਰ ਇਲਾਕੇ ਦੇ ਕਿਸਾਨ ਵੱਡੀ ਮਾਤਰਾ 'ਚ ਸਬਜ਼ੀ ਮੰਡੀ 'ਚ ਵੇਚਣ ਲਈ ਲੈ ਕੇ ਆਉਂਦੇ ਹਨ। ਵੱਡੀ ਮਾਤਰਾ 'ਚ ਸਬਜ਼ੀ ਮੰਡੀ 'ਚ ਆਉਣ ਕਰ ਕੇ ਅਤੇ ਇਸ ਤੋਂ ਇਲਾਵਾ ਕਸਬੇ 'ਚ ਫਲ-ਫਰੂਟ ਦੀਆਂ ਕਈ ਦੁਕਾਨਾਂ ਹੋਣ ਦੇ ਬਾਵਜੂਦ ਮਾਰਕੀਟ ਫੀਸ ਤੇ ਆਰ. ਡੀ. ਐੱਫ. (ਰੂਰਲ ਡਿਵੈੱਲਪਮੈਂਟ ਫੰਡ) ਫੀਸ ਮਿਲੀਭੁਗਤ ਨਾਲ ਕਾਗਜ਼ਾ 'ਚ ਬਹੁਤ ਘੱਟ ਦਰਸਾਈ ਜਾਂਦੀ ਹੈ, ਜਿਸ ਕਰ ਕੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਮਾਰਕੀਟ ਫੀਸ ਦੀ ਚੋਰੀ ਹੋ ਰਹੀ ਹੈ ਤੇ ਪੰਜਾਬ ਮੰਡੀ ਬੋਰਡ ਨੂੰ ਵੱਡੇ ਪੱਧਰ 'ਤੇ ਚੂਨਾ ਲਾਇਆ ਜਾ ਰਿਹਾ ਹੈ, ਜਿਸ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ।

ਕੀ ਕਹਿਣੈ ਮਾਰਕੀਟ ਮੁਲਾਜ਼ਮਾਂ ਦਾ
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਉਕਤ ਦੋਨੋਂ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।