ਨਮ ਅੱਖਾਂ ਨਾਲ ਬੋਲਿਆ ਪਿਤਾ, ''ਨਹੀਂ ਗਿਆ ਲੋਹੜੀ ਲੈ ਕੇ ਤਾਂ ਮਿਲੀ ਧੀ ਦੀ ਲਾਸ਼''

01/15/2018 5:13:36 PM

ਬੁਢਲਾਡਾ (ਬਾਂਸਲ/ਮਨੰਚਦਾ) : ''ਪਾਪਾ ਲੋਹੜੀ ਲੈ ਕੇ ਆਉਣਾ ਨਹੀਂ ਤਾਂ ਮੇਰੀ ਸੱਸ ਅਤੇ ਸਹੁਰਾ ਪਰਿਵਾਰ ਫਿਰ ਤੋਂ ਮੇਰੀ ਕੁੱਟਮਾਰ ਕਰਨਗੇ।'' ਇਹ ਸ਼ਬਦ ਫਾਹਾ ਲੈ ਕੇ ਖੁਦਕੁਸ਼ੀ ਕਰਨ ਵਾਲੀ 21 ਸਾਲਾਂ ਸ਼ਵੇਤਾ ਨੇ ਆਪਣੇ ਪਿਤਾ ਨੂੰ ਕਹੇ। ਅੱਜ ਸਿਟੀ ਥਾਣਾ 'ਚ ਭਰੇ ਮਨ ਨਾਲ ਲੜਕੀ ਦੇ ਪਿਤਾ ਧਰਮਿੰਦਰ ਸਿੰਘ, ਦਾਦਾ ਅਤੇ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦੇ ਵਿਆਹ 'ਚ ਆਪਣੀ ਹੈਸੀਅਤ ਤੋਂ ਵੱਧ ਕੇ 6 ਲੱਖ ਦੇ ਕਰੀਬ ਖਰਚ ਕਰਕੇ ਦਾਜ ਦਹੇਜ ਦਿੱਤਾ ਪਰ ਸਹੁਰੇ ਪਰਿਵਾਰ ਵੱਲੋਂ ਵਾਰ-ਵਾਰ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ। ਪਿਤਾ ਨੇ ਦੱਸਿਆ, ''ਲੋਹੜੀ ਦੇ ਤਿਉਹਾਰ ਤੋਂ ਦੋ ਦਿਨ ਪਹਿਲਾਂ ਮੇਰੀ ਲੜਕੀ ਸ਼ਵੇਤਾ ਨੇ ਮੇਰੇ ਨਾਲ ਗੱਲ ਕੀਤੀ ਕਿ ਪਾਪਾ ਲੋਹੜੀ ਲੈ ਕੇ ਆਉਣਾ ਪਰ ਮੈਂ ਪਰਿਵਾਰਕ ਕੰਮਕਾਜ ਅਤੇ ਰਿਸ਼ਤੇਦਾਰੀ 'ਚ ਵਿਆਹ ਹੋਣ ਕਾਰਨ ਲੜਕੀ ਘਰ ਲੋਹੜੀ ਲੈ ਕੇ ਨਾ ਆ ਸਕਿਆ, ਜਿਸਦੇ ਨਤੀਜੇ ਵਜੋਂ ਅੱਜ ਮੇਰੀ ਲੜਕੀ ਦੀ ਲਾਸ਼ ਪ੍ਰਾਪਤ ਹੋਈ।''


ਜ਼ਿਕਰਯੋਗ ਹੈ ਕਿ ਬੀਤੇ ਦਿਨ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਮੁਲਖ ਰਾਜ ਦੀ ਨੂੰਹ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਸੀ। ਸਿਟੀ ਪੁਲਸ ਨੇ ਲੜਕੀ ਦੇ ਪਿਤਾ ਧਰਮਿੰਦਰ ਸਿੰਘ ਵਾਸੀਆਨ ਮਲੇਰਕੋਟਲਾ ਦੇ ਬਿਆਨ 'ਤੇ ਮ੍ਰਿਤਕ ਦੇ ਪਤੀ ਨਵਦੀਪ ਸਿੰਘ, ਜੇਠ ਜਤਿੰਦਰ ਜੋਲੀ, ਸਹੁਰਾ ਮੁਲਖ ਰਾਜ ਅਤੇ ਸੱਸ ਨਵੀਨ ਰਾਣੀ ਦੇ ਖਿਲਾਫ ਧਾਰਾ 304 ਬੀ ਅਧੀਨ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰੇ ਪਰਿਵਾਰ ਖਿਲਾਫ ਰੋਸ ਪ੍ਰਗਟ ਕਰਨ ਲਈ ਮ੍ਰਿਤਕ ਲੜਕੀ ਦੀ ਲਾਸ਼ ਨੂੰ ਉਨ੍ਹਾਂ ਦੀ ਦੁਕਾਨ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕਰਨਾ ਚਾਹਿਆ ਪਰ ਪੁਲਸ ਨੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਧਿਆਨ 'ਚ ਰੱਖਦਿਆਂ ਐੱਸ. ਐੱਚ. ਓ. ਬਲਵਿੰਦਰ ਸਿੰਘ ਰੋਮਾਣਾ ਦੀ ਬੇਨਤੀ 'ਤੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਲੜਕੀ ਦੀ ਲਾਸ਼ ਉਸਦੇ ਪੇਕੇ ਘਰ ਮਲੇਰਕੋਟਲਾ ਵਿਖੇ ਭੇਜ ਦਿੱਤੀ। ਇਸ ਦੁੱਖਦਾਇਕ ਘਟਨਾ ਕਾਰਨ ਸ਼ਹਿਰ 'ਚ ਭਾਰੀ ਮਾਤਮ ਛਾਇਆ ਹੋਇਆ ਹੈ। ਦੂਜੇ ਪਾਸੇ ਮ੍ਰਿਤਕ ਦੇ ਸਹੁਰਾ ਪਰਿਵਾਰ, ਪਤੀ ਅਤੇ ਜੇਠ ਫਰਾਰ ਦੱਸੇ ਜਾ ਰਹੇ ਹਨ।