ਖਾਲਿਸਤਾਨ ਸੰਗਠਨ ਦੀ ਚਿੱਠੀ ਫੇਕ, ਮਕਸੂਦਾਂ ਥਾਣੇ ਤੋਂ ਇਲਾਵਾ ਕਿਤੇ ਨਹੀਂ ਹੋਏ ਧਮਾਕੇ: ਡੀ.ਜੀ.ਪੀ. ਸੁਰੇਸ਼ ਅਰੋੜਾ

09/17/2018 6:56:50 PM

ਜਲੰਧਰ— ਮਕਸੂਦਾਂ ਥਾਣੇ 'ਚ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲੈਣ ਵਾਲੇ 'ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ' ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਚਿੱਠੀ ਨੂੰ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਹਮਲਾ ਅਜੇ ਕਿਸੇ ਹੋਰ ਸ਼ਹਿਰ ਅਤੇ ਜਗ੍ਹਾ 'ਤੇ ਨਹੀਂ ਹੋਇਆ ਹੈ ਪਰ ਫਿਰ ਵੀ ਪੁਲਸ ਪੱਤਰ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। 

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ 'ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ' ਦੇ ਨਾਂ ਦੇ ਪੱਤਰ 'ਚ ਮਕਸੂਦਾਂ ਥਾਣੇ 'ਚ ਹੋਏ ਬਲਾਸਟ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਐੱਸ. ਐੱਸ. ਪੀ. ਦਫਤਰ ਨਵਾਂਸ਼ਹਿਰ ਅਤੇ ਦਰਿਆ ਪੁਲਸ ਸਟੇਸ਼ਨ ਚੰਡੀਗੜ੍ਹ 'ਤੇ ਹਮਲੇ ਕਰਨ ਦੀ ਵੀ ਕਥਿਤ ਤੌਰ 'ਤੇ ਜ਼ਿੰਮੇਵਾਰੀ ਲਈ ਗਈ ਹੈ।
ਦੱਸਣਯੋਗ ਹੈ ਕਿ ਥਾਣਾ ਮਕਸੂਦਾਂ 'ਚ ਸੀਰੀਅਲ ਬੰਬ ਕਾਂਡ ਤੋਂ ਬਾਅਦ ਜਾਂਚ ਕਰਨ ਲਈ ਪਹੁੰਚੀ ਐੱਨ. ਐੱਸ. ਜੀ. ਅਤੇ ਐੱਫ. ਐੱਸ. ਐੱਲ. ਨੇ ਜਾਂਚ ਮੁਕੰਮਲ ਕਰ ਲਈ ਹੈ ਪਰ ਇਸ ਗੱਲ ਦਾ ਕੋਈ ਸਬੂਤ ਪੁਲਸ ਨੂੰ ਨਹੀਂ ਮਿਲਿਆ ਕਿ ਆਖਿਰ ਬੰਬ ਬਲਾਸਟ ਕਿਸ ਮਕਸਦ ਨਾਲ ਅਤੇ ਕਿਸ ਨੇ ਕੀਤੇ। ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਐੱਨ. ਸੀ. ਜੀ. ਦੀ ਟੀਮ ਨੇ ਹਰ ਜਾਣਕਾਰੀ ਜੁਟਾਈ ਜੋ ਬੰਬ ਧਮਾਕਿਆਂ ਦੀ ਗੁੱਥੀ ਨੂੰ ਹਲ ਕਰਨ 'ਚ ਫਾਇਦੇਮੰਦ ਹੋਵੇ। ਉਥੇ ਹੀ ਦੂਜੇ ਪਾਸੇ ਇਕ ਪਹਿਲੂ ਇਹ ਵੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਐੈੱਸ. ਐੱਚ. ਓ. ਰਮਨਦੀਪ ਟੀਮ ਦੇ 15 ਮੁਲਾਜ਼ਮਾਂ ਨਾਲ ਮੀਟਿੰਗ ਕਰ ਰਹੇ ਸਨ। ਥਾਣੇ 'ਚ ਚਾਰੋਂ ਪਾਸੇ ਰੋਸ਼ਨੀ ਦਾ ਇੰਤਜ਼ਾਮ ਵੀ ਨਹੀਂ ਸੀ। ਹਮਲਾਵਰਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਜ਼ਿਆਦਾਤਰ ਮੁਲਾਜ਼ਮ ਇਕ ਕਮਰੇ 'ਚ ਐੱਸ. ਐੱਚ. ਓ. ਦੇ ਨਾਲ ਹਨ। ਇਸੇ ਗੱਲ ਦਾ ਫਾਇਦਾ ਉਠਾ ਕੇ ਸਾਢੇ 7 ਦੇ ਕਰੀਬ 4 ਬੰਬ ਸੁੱਟ ਦਿੱਤੇ। 

ਮੁਲਾਜ਼ਮਾਂ ਨੂੰ ਵੀ ਲੈਣਗੇ ਜਾਂਚ ਦੇ ਦਾਇਰੇ 'ਚ : ਪੁਲਸ ਕਮਿਸ਼ਨਰ 
ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਉਹ ਆਪਣੀ ਜਾਂਚ ਦੇ ਦਾਇਰੇ 'ਚ ਆਪਣੇ ਪੁਲਸ ਮੁਲਾਜ਼ਮਾਂ ਨੂੰ ਵੀ ਲੈ ਸਕਦੇ ਹਨ। ਉਨ੍ਹਾਂ ਨੇ ਮੰਨਿਆ ਹੈ ਕਿ ਇਸ 'ਚ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਵੀ ਮੁਲਾਜ਼ਮ ਨੇ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਲਈ ਹਮਲਾਵਰਾਂ ਦੀ ਮਦਦ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਪੁਲਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਜਦਕਿ ਐੱਨ. ਐੱਸ. ਜੀ. ਐੱਫ. ਐੱਸ. ਐੱਲ. ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ। ਵਾਰਦਾਤ ਦੀ ਜਗ੍ਹਾ ਤੋਂ ਜੁਟਾਈ ਸਾਰੀਆਂ ਜਾਣਕਾਰੀਆਂ ਨੂੰ ਕੰਪਾਇਲ ਕਰਕੇ ਰਿਪੋਰਟ ਤਿਆਰ ਕਰ ਲਈ ਗਈ ਹੈ, ਜਿਸ ਦਾ ਐਨਾਲਿਸਿਸ ਅਤੇ ਟੈਸਟਿੰਗ ਤੋਂ ਬਾਅਦ ਹੀ ਅੱਗੇ ਕੁਝ ਕਿਹ ਜਾਵੇਗਾ।