ਮਾਮਲਾ ਦੀਵਾਲੀ ਦੀ ਰਾਤ ਮਕਸੂਦਾਂ ''ਚ ਹੋਏ ਧਮਾਕੇ ਦਾ, ਗੋਦਾਮ ਦੇਣ ਵਾਲਾ ਮੁਲਜ਼ਮ ਗ੍ਰਿਫਤਾਰ

01/29/2020 11:57:15 AM

ਜਲੰਧਰ (ਵਰੁਣ)— ਦੀਵਾਲੀ ਵਾਲੀ ਰਾਤ ਮਕਸੂਦਾਂ ਦੇ ਬਾਬਾ ਮੋਹਨ ਦਾਸ ਨਗਰ 'ਚ ਪੋਟਾਸ਼ੀਅਮ ਦੀਆਂ 50 ਬੋਰੀਆਂ 'ਚ ਹੋਏ ਧਮਾਕੇ ਦੇ ਮਾਮਲੇ 'ਚ ਜਲੰਧਰ ਪੁਲਸ ਨੇ ਪਟਾਕਾ ਵਪਾਰੀ ਗੋਰਾ ਨੂੰ ਗੋਦਾਮ ਦੇਣ ਵਾਲੇ ਮੁਲਜ਼ਮ ਹਰਜਿੰਦਰ ਜਿੰਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਜਿੰਦੀ ਦੀ ਮਾਣਯੋਗ ਹਾਈ ਕੋਰਟ ਤੋਂ ਵੀ ਜ਼ਮਾਨਤ ਰਿਜੈਕਟ ਹੋ ਚੁੱਕੀ ਸੀ, ਜਿਸ ਤੋਂ ਬਾਅਦ ਉਹ ਜਗ੍ਹਾ ਬਦਲ ਬਦਲ ਕੇ ਰਹਿ ਰਿਹਾ ਸੀ। ਮੁਲਜ਼ਮ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ।

ਏ. ਸੀ. ਪੀ. ਨਾਰਥ ਜਸਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਨੰ. 1 ਦੇ ਮੁਖੀ ਸੁਖਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਜਿੰਦਰ ਉਰਫ ਜਿੰਦੀ ਪੁੱਤਰ ਤੇਜ ਸਿੰਘ ਵਾਸੀ ਗੁਰਦੇਵ ਨਗਰ ਬੀ. ਐੱਸ. ਐੱਫ. ਕਾਲੋਨੀ 'ਚ ਲੁਕ ਕੇ ਰਹਿ ਰਿਹਾ ਹੈ। ਪੁਲਸ ਟੀਮ ਨੇ ਤੁਰੰਤ ਉਥੇ ਛਾਪੇਮਾਰੀ ਕਰਕੇ ਜਿੰਦੀ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ 'ਚ ਜਿੰਦੀ ਨੇ ਦੱਸਿਆ ਕਿ ਖਾਲੀ ਪਲਾਟ 'ਚ ਬਣਾਇਆ ਗਿਆ ਗੋਦਾਮ ਉਸ ਦੇ ਭਰਾ ਦਾ ਹੈ, ਜਿਸ ਦੀ ਵਿਦੇਸ਼ 'ਚ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਉਹ ਪਲਾਟ ਦੀ ਦੇਖ-ਰੇਖ ਕਰ ਰਿਹਾ ਹੈ। ਦੀਵਾਲੀ 'ਤੇ ਚਾਈਨਿਜ਼ ਪਟਾਕਿਆਂ 'ਤੇ ਪੁਲਸ ਦੀ ਸਖਤੀ ਹੋਣ ਕਾਰਨ ਪਟਾਕਾ ਵਪਾਰੀ ਗੁਰਦੀਪ ਸਿੰਘ ਗੋਰਾ ਵਾਸੀ ਰਿਆਜਪੁਰਾ ਸੈਂਟਰਲ ਟਾਊਨ ਨੇ ਉਸ ਤੋਂ ਪੋਟਾਸ਼ੀਅਮ ਰੱਖਣ ਲਈ ਜਗ੍ਹਾ ਦੀ ਗੱਲ ਕੀਤੀ ਸੀ, ਜਿਸ ਕਾਰਨ ਜਿੰਦੀ ਨੇ ਆਪਣੇ ਭਰਾ ਦੇ ਖਾਲੀ ਪਲਾਟ 'ਚ ਪੋਟਾਸ਼ੀਅਮ ਦੀਆਂ 50 ਬੋਰੀਆਂ ਰੱਖਣ ਦੀ ਇਜਾਜ਼ਤ ਦਿੱਤੀ ਸੀ। ਮੁਲਜ਼ਮ ਨੇ ਪੁੱਛਗਿੱਛ 'ਚ ਦੱਸਿਆ ਕਿ ਗੋਰਾ ਨੇ ਉਸ ਨੂੰ ਕਿਹਾ ਸੀ ਕਿ ਆਰਡਰ ਦੇ ਹਿਸਾਬ ਨਾਲ ਉਹ ਪਲਾਟ ਤੋਂ ਪੋਟਾਸ਼ੀਅਮ ਲੈਂਦਾ ਰਹੇਗਾ ਪਰ ਦੀਵਾਲੀ ਵਾਲੀ ਰਾਤ ਹਾਦਸਾ ਹੋ ਗਿਆ। ਪੁਲਸ ਨੇ ਗੋਰਾ ਸਮੇਤ ਜਿੰਦੀ ਨੂੰ ਵੀ ਇਸ ਕੇਸ 'ਚ ਨਾਮਜ਼ਦ ਕੀਤਾ ਸੀ। ਗੋਰਾ ਨੂੰ ਪੁਲਸ ਨੇ 28 ਦਸੰਬਰ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ। ਗੋਰਾ ਨੇ ਉਦੋਂ ਪੁੱਛਗਿੱਛ 'ਚ ਦੱਸਿਆ ਸੀ ਕਿ ਉਕਤ ਪੋਟਾਸ਼ੀਅਮ ਉਹ ਲੁਧਿਆਣਾ ਦੇ ਕਿਸੇ ਪਟਾਕਾ ਵਪਾਰੀ ਤੋਂ ਖਰੀਦ ਕੇ ਲਿਆਇਆ ਸੀ ਪਰ ਉਸ ਦੀ ਪਛਾਣ ਉਹ ਨਹੀਂ ਦੱਸ ਸਕਿਆ ਸੀ। ਪੁਲਸ ਨੇ ਮੁਲਜ਼ਮ ਜਿੰਦੀ ਨੂੰ ਗ੍ਰਿਫਤਾਰ ਕਰਕੇ ਰਿਮਾਂਡ 'ਤੇ ਵੀ ਲਿਆ ਸੀ ਅਤੇ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਜੇਲ ਭੇਜ ਦਿੱਤਾ ਗਿਆ।

ਧਮਾਕੇ 'ਚ 200 ਮੀਟਰ ਦੇ ਦਾਇਰੇ 'ਚ ਲੋਕਾਂ ਦੇ ਘਰਾਂ ਅਤੇ ਗੱਡੀਆਂ ਨੂੰ ਪਹੁੰਚਿਆ ਸੀ ਨੁਕਸਾਨ
27 ਅਕਤੂਬਰ 2019 ਦੀ ਰਾਤ ਬਾਬਾ ਮੋਹਨ ਦਾਸ ਨਗਰ 'ਚ ਜ਼ੋਰਦਾਰ ਧਮਾਕਾ ਹੋਇਆ ਸੀ। ਸੋਸ਼ਲ ਮੀਡੀਆ 'ਚ ਇਸ ਧਮਾਕੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਸੀ ਪਰ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਇਹ ਧਮਾਕਾ ਬੱਚਿਆਂ ਦੀ ਚਾਈਨਿਜ਼ ਪਿਸਟਲ ਲਈ ਤਿਆਰ ਹੋਣ ਵਾਲੀਆਂ ਗੋਲੀਆਂ 'ਚ ਭਰਨ ਲਈ ਇਸਤੇਮਾਲ ਕੀਤੀ ਜਾਂਦੀ ਪੋਟਾਸ਼ੀਅਮ ਦਾ ਸੀ। ਖਾਲੀ ਪਲਾਟ 'ਚ 50 ਬੋਰੀਆਂ ਪੋਟਾਸ਼ੀਅਮ ਸੀ। ਇਸ ਧਮਾਕੇ ਦੀ ਆਵਾਜ਼ ਡੇਢ ਕਿਲੋਮੀਟਰ ਤੱਕ ਸੁਣਾਈ ਦਿੱਤੀ ਸੀ। ਧਮਾਕੇ 'ਚ 200 ਮੀਟਰ ਦੇ ਦਾਇਰੇ 'ਚ ਲੋਕਾਂ ਦੀਆਂ ਬਿਲਡਿੰਗਾਂ ਅਤੇ ਗੱਡੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ, ਜਦਕਿ 2 ਔਰਤਾਂ ਵੀ ਜ਼ਖ਼ਮੀ ਹੋਈਆਂ ਸਨ। ਜਿਸ ਸਮੇਂ ਧਮਾਕਾ ਹੋਇਆ ਸੀ ਉਸ ਤੋਂ ਕੁਝ ਸਕਿੰਟ ਪਹਿਲਾਂ ਹੀ ਉਕਤ ਪਲਾਟ ਦੇ ਬਾਹਰ ਬੱਚੇ ਖੇਡ ਰਹੇ ਸਨ ਪਰ ਧਮਾਕੇ ਤੋਂ ਪਹਿਲਾਂ ਹੀ ਉਹ ਉਥੋਂ ਚਲੇ ਗਏ ਸਨ।

shivani attri

This news is Content Editor shivani attri