ਦੀਵਾਲੀ ਵਾਲੀ ਰਾਤ ਜਲੰਧਰ 'ਚ ਹੋਏ ਧਮਾਕੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ

10/28/2019 7:01:11 PM

ਜਲੰਧਰ (ਵਰੁਣ)— ਦੀਵਾਲੀ ਦੀ ਰਾਤ ਜਲੰਧਰ ਦੇ ਮਕਸੂਦਾਂ ਵਿਖੇ ਬਾਬਾ ਮੋਹਨ ਦਾਸ ਨਗਰ 'ਚ ਖਾਲੀ ਪਲਾਟ 'ਚ ਹੋਏ ਧਮਾਕੇ ਦੇ ਮਾਮਲੇ 'ਚ ਸੀ. ਆਈ. ਏ. ਸਟਾਫ-1 ਅਤੇ ਥਾਣਾ ਨੰਬਰ ਇਕ ਦੀ ਪੁਲਸ ਨੇ ਸਾਂਝੇ ਤੌਰ 'ਤੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਉਰਫ ਗੋਰਾ ਵਾਸੀ ਰਿਆਜ਼ਪੁਰਾ ਦੇ ਰੂਪ 'ਚ ਹੋਈ ਹੈ, ਜੋਕਿ ਪਟਾਕੇ ਵੇਚਣ ਦੀ ਦੁਕਾਨ ਚਲਾਉਂਦਾ ਹੈ।  

ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ 'ਚ ਪੁੱਛ ਪੜਤਾਲ ਕਰਨ ਤੋਂ ਬਾਅਦ ਪਲਾਟ ਮਾਲਕ/ਕੇਅਰ ਟੇਕਰ ਵਿਰੁੱਧ ਕਾਰਵਾਈ ਕਰਦੇ ਹੋਏ ਇੰਡੀਅਨ ਐਕਸਪਲੋਜ਼ਿਵ ਸਬਸਟਾਨਸਿਸ ਐਕਟ 286, 188, 427 ਆਈ. ਪੀ. ਸੀ. ਥਾਣਾ ਡਿਵੀਜ਼ਨ ਨੰਬਰ 1 'ਚ ਦਰਜ ਰਜਿਸਟਰਡ ਕੀਤਾ ਗਿਆ ਸੀ। ਮੌਕੇ 'ਤੇ ਕਾਰਵਾਈ ਕਰਦੇ ਹੋਏ ਕੇਅਰ ਟੇਕਰ ਹਰਜਿੰਦਰ ਸਿੰਘ ਉਰਫ ਜਿੰਦੀ ਪੁੱਤਰ ਤੇਜ ਸਿੰਘ ਵਾਸੀ ਗੁਰਦੇਵ ਨਗਰ ਜਲੰਧਰ ਅਤੇ ਗੁਰਦੀਪ ਸਿੰਘ ਉਰਫ ਗੋਰਾ ਪੁੱਤਰ ਖਜਾਨ ਸਿੰਘ ਵਾਸੀ ਮਕਾਨ ਨੰਬਰ ਈ-330 ਰਿਆਜ਼ਪੁਰਾ ਜਲੰਧਰ ਨੂੰ ਨਾਮਜ਼ਦ ਕੀਤਾ ਗਿਆ ਸੀ। ਉਕਤ ਮੁਲਜ਼ਮ ਤੋਂ ਇਕ ਗੱਡੀ ਵੀ ਬਰਾਮਦ ਕੀਤੀ ਗਈ ਹੈ। 



15 ਸਾਲਾਂ ਤੋਂ ਗੁਰਦੀਪ ਕਰ ਰਿਹਾ ਸੀ ਪਟਾਕੇ ਵੇਚਣ ਦਾ ਕੰਮ
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ 'ਚ ਗੁਰਦੀਪ ਸਿੰਘ ਗੋਰਾ ਨੇ ਖੁਲਾਸੇ ਕਰਦੇ ਹੋਏ ਕਿਹਾ ਹੈ ਕਿ ਉਹ ਕਰੀਬ 15 ਸਾਲ ਤੋਂ ਪਟਾਕੇ ਅਤੇ ਚਾਈਨੀਜ਼ ਡੋਰ ਵੇਚਣ ਦੀ ਦੁਕਾਨ ਗੁਰ ਪ੍ਰਤਾਪ ਬਾਗ ਜਲੰਧਰ ਵਿਖੇ ਚਲਾਉਂਦਾ ਹੈ। ਪਹਿਲਾਂ ਉਸ ਨੇ ਆਤਿਸ਼ਬਾਜ਼ੀ ਰੱਖਣ ਸਬੰਧੀ ਵਰਿਆਣਾ ਜਲੰਧਰ ਵਿਹਾਰ ਵਿਖੇ ਕਿਰਾਏ 'ਤੇ ਗੋਦਾਮ ਲਿਆ ਹੋਇਆ ਸੀ। ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਗੁਰਦੀਪ ਸਿੰਘ ਦਾ ਵਰਿਆਣੇ ਵਾਲਾ ਗੋਦਾਮ ਨਾਜਾਇਜ਼ ਹੋਣ ਕਰਕੇ ਥਾਣਾ ਡਿਵੀਜ਼ਨ ਨੰਬਰ-3 'ਚ ਮੁਕੱਦਮਾ ਦਰਜ ਹੋਇਆ ਸੀ। 
ਇਸ ਤੋਂ ਬਾਅਦ ਉਸ ਨੇ ਖਿੰਗਰਾ ਗੇਟ ਵਿਕਰਾਂਤ ਉਰਫ ਕਾਕਾ ਦਾ ਗੋਦਾਮ ਕਿਰਾਏ 'ਤੇ ਲੈ ਲਿਆ ਸੀ। ਗੁਰਦੀਪ ਸਿੰਘ ਨੇ ਇਹ ਪਟਾਕੇ ਲੁਧਿਆਣਾ ਦੀ ਕਿਸੇ ਪਾਰਟੀ ਤੋਂ ਕਰੀਬ 50 ਬੋਰੀਆਂ 70 ਹਜ਼ਾਰ 'ਚ ਖਰੀਦੀਆਂ ਸਨ। ਇਹ ਪਟਾਕੇ ਬੱਚਿਆਂ ਦੇ ਖਿਡੌਣਾ ਰਿੰਗ ਪਿਸਤੌਲ 'ਚ ਚਲਾਉਣ ਵਾਲੇ ਸਨ। 

ਪੁਲਸ ਦੀ ਸਖਤੀ ਕਾਰਨ ਇਹ ਪਟਾਕੇ ਗੁਰਦੀਪ ਸਿੰਘ ਨੇ ਕਾਕਾ ਦੇ ਗੋਦਾਮ ਨੇੜਿਓਂ ਗੱਡੀ ਕਰਕੇ ਸਾਥੀ ਹਰਜਿੰਦਰ ਸਿੰਘ ਉਰਫ ਜਿੰਦੀ ਦੇ ਰਿਸ਼ਤੇਦਾਰ ਦੇ ਖਾਲੀ ਪਲਾਟ 'ਚ ਰੱਖੇ ਸਨ। ਉਥੇ ਹੀ ਦੂਜੇ ਪਾਸੇ ਬਰਾਮਦਸ਼ੁਦਾ ਟਰੱਕ ਦੇ ਮਾਲਕ ਯਸ਼ਪਾਲ ਪੁੱਤਰ ਮੱਗੂ ਰਾਮ ਵਾਸੀ ਜਲੰਧਰ ਨੇ ਦੱਸਿਆ ਕਿ ਉਹ 1100 ਰੁਪਏ 'ਚ ਇਹ ਪਟਾਕੇ ਗੋਦਾਮ 'ਚ ਛੱਡ ਕੇ ਆਇਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਇਹ ਨਹੀਂ ਸੀ ਕਿ ਪਤਾ ਕਿ ਪਲਾਸਟਿਕ ਦੀਆਂ ਬੋਰੀਆਂ 'ਚ ਕਿਹੜਾ ਸਾਮਾਨ ਰੱਖਿਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਦੀਵਾਲੀ ਵਾਲੀ ਰਾਤ ਬਾਬਾ ਮੋਹਨ ਦਾਸ ਨਗਰ ਵਿਖੇ ਖਾਲੀ ਪਲਾਟ 'ਚ ਜ਼ਬਰਦਸਤ ਧਮਾਕੇ ਹੋ ਗਿਆ ਸੀ, ਜਿਸ ਦੇ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।

shivani attri

This news is Content Editor shivani attri