ਸਤਲੁਜ ਦਰਿਆ ''ਚ ਪਾਣੀ ਦਾ ਵਹਾਅ ਵਧਣ ਕਾਰਨ ਕਈ ਏਕੜ ਝੋਨੇ ਦੀ ਫਸਲ ਤਬਾਹ

08/11/2017 5:08:06 AM

ਫਿਰੋਜ਼ਪੁਰ- ਸਤਲੁਜ ਦਰਿਆ 'ਚ ਪਾਣੀ ਦਾ ਬਹਾਵ ਵੱਧਣ ਕਾਰਨ ਜ਼ਿਲਾ ਫਿਰੋਜ਼ਪੁਰ ਦੇ ਏਰੀਆ ਮੱਖੂ ਦੇ ਪਿੰਡ ਫਤਿਹਗੜ੍ਹ ਸਭਰਾ, ਗੱਟਾ ਬਾਦਸ਼ਾਹ, ਬਸਤੀ ਲਾਲੂ ਵਾਲੀ, ਨਿਜਾਮਦੀਨ ਵਾਲਾ ਤੇ ਕੁਤਬੇ ਵਾਲਾ ਆਦਿ 'ਚ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਇਨ੍ਹਾਂ ਪਿੰਡਾਂ 'ਚ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ ਤੇ ਆਪਣੀ ਜਾਨ ਬਚਾਉਂਦੇ ਹੋਏ ਲੋਕ ਆਪਣੇ ਬੱਚਿਆਂ ਨੂੰ ਤੇ ਸਾਮਾਨ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ ਵੱਲ ਜਾ ਰਹੇ ਹਨ। ਦਰਿਆ 'ਚ ਪਾਣੀ ਦਾ ਪੱਧਰ ਤੇਜ਼ ਹੋਣ ਕਰਕੇ ਦਰਿਆ ਦੇ ਨਾਲ ਲੱਗਦੇ ਹੋਰ ਪਿੰਡਾਂ 'ਚ ਵੀ ਪਾਣੀ ਆ ਜਾਣ ਦਾ ਡਰ ਬਣਿਆ ਹੋਇਆ ਹੈ। 
ਪ੍ਰਭਾਵਿਤ ਹੋਏ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ, ਜਦਕਿ ਪਹਿਲਾਂ ਪਸ਼ੂਆਂ ਲਈ ਚਾਰਾ, ਟੈਂਟ ਤੇ ਆਮ ਲੋਕਾਂ ਦੇ ਖਾਣ ਲਈ ਵੱਖ-ਵੱਖ ਚੀਜ਼ਾਂ ਦਾ ਪ੍ਰਬੰਧ ਹੋਇਆ ਕਰਦਾ ਸੀ। 
ਕਿਸਾਨਾਂ ਨੂੰ ਘੱਟ ਤੋਂ ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ  
ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਸਾਡਾ 18 ਤੋਂ 20 ਹਜ਼ਾਰ ਰੁਪਏ ਦਾ ਖਰਚਾ ਏਕੜ ਤੱਕ ਝੋਨੇ ਦੀ ਬਿਜਾਈ 'ਚ ਆ ਗਿਆ ਹੈ ਤੇ ਸਰਕਾਰ ਦਿੱਲੀ ਦੀ ਤਰ੍ਹਾਂ ਸਾਨੂੰ ਵੀ ਘੱਟ ਤੋਂ ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜ਼ਰੂਰ ਦੇਵੇ। ਕਿਸਾਨਾਂ ਨੇ ਸਰਕਾਰ ਨੂੰ ਪਸ਼ੂਆਂ ਦੇ ਖਾਣ ਲਈ ਚਾਰਾ ਆਦਿ ਤੇ ਲੋਕਾਂ ਦੇ ਖਾਣ ਲਈ ਰਾਸ਼ਨ ਤੇ ਟੈਂਟਾਂ ਆਦਿ ਦੀ ਮੰਗ ਕਰਦੇ ਕਿਹਾ ਕਿ ਪਾਣੀ ਆਉਣ ਨਾਲ ਇਨ੍ਹਾਂ ਪਿੰਡਾਂ 'ਚ ਕਈ ਸੈਂਕੜੇ ਏਕੜ ਫਸਲ ਡੁੱਬ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਨ੍ਹਾਂ ਪਿੰਡਾਂ ਵਿਚ ਕੋਈ ਅਧਿਕਾਰੀ ਨਹੀਂ ਪਹੁੰਚਿਆ।