ਮਨੂ ਸੂਰੀ 'ਤੇ ਹਮਲਾ ਕਰਨ ਵਾਲਿਆਂ ਨੇ ਪੁਲਸ ਨੂੰ ਫੇਸਬੁੱਕ 'ਤੇ ਦਿੱਤੀ ਖੁੱਲ੍ਹੀ ਚੁਣੌਤੀ (ਤਸਵੀਰਾਂ)

12/02/2019 2:45:14 PM

ਜਲੰਧਰ— ਕੁਝ ਦਿਨ ਪਹਿਲਾਂ ਰੇਲਵੇ ਸਟੇਸ਼ਨ ਨੇੜੇ ਕਾਂਗਰਸੀ ਨੇਤਾ ਦੇ ਕਰੀਬੀ ਮਨੂ ਸੂਰੀ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ 'ਤੇ ਪੁਲਸ ਦੀ ਮਿਹਰਬਾਨੀ ਦੀ ਪੋਲ ਹੁਣ ਖੁੱਲ੍ਹ ਗਈ ਹੈ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਪੁਲਸ ਜਿਹੜੇ ਮੁਲਜ਼ਮਾਂ ਦੀ ਭਾਲ ਕਰਨ ਦੀ ਗੱਲ ਕਹਿ ਰਹੀ ਹੈ, ਉਹ ਮੋਹਾਲੀ 'ਚ ਨਾ ਸਿਰਫ ਜਨਮ ਦਿਨ ਦੀ ਪਾਰਟੀ ਕਰ ਰਹੇ ਹਨ ਸਗੋਂ ਨਾਲ ਹੀ ਫੇਸਬੁੱਕ 'ਤੇ ਲਾਈਵ ਹੋ ਕੇ ਤਸਵੀਰਾਂ ਅਤੇ ਵੀਡੀਓ ਵੀ ਪੋਸਟ ਕਰ ਰਹੇ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਵੱਲੋਂ ਫੇਸਬੁੱਕ 'ਤੇ ਪੁਲਸ ਨੂੰ ਚੁਣੌਤੀ ਵੀ ਦਿੱਤੀ ਗਈ ਹੈ ਕਿ ਸਜ਼ਾ ਮਨਜ਼ੂਰ ਹੈ ਝੁੱਕਣਾ ਨਹੀਂ। 

ਤਸਵੀਰਾਂ ਨੂੰ ਦੇਖ ਕੇ ਪੁਲਸ ਦੇ ਇਸ ਸੁਸਤ ਰਵੱਈਏ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲਸ ਕਿਸ ਹੱਦ ਤੱਕ ਗੰਭੀਰ ਹੈ। ਪੁਲਸ ਰਿਕਾਰਡ ਮੁਤਾਬਕ ਉਕਤ ਮੁਲਜ਼ਮ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਫਰਾਰ ਚੱਲ ਰਹੇ ਹਨ ਪਰ ਪੁਲਸ ਨੇ ਉਨ੍ਹਾਂ ਦੀ ਫੇਸਬੁੱਕ ਟਾਈਮਲਾਈਨ ਨੂੰ ਟ੍ਰੇਸ ਕਰਨਾ ਜ਼ਰੂਰੀ ਨਹੀਂ ਸਮਝਿਆ। 

ਜ਼ਿਕਰਯੋਗ ਹੈ ਕਿ 19 ਨਵੰਬਰ ਨੂੰ ਰੇਲਵੇ ਸਟੇਸ਼ਨ ਨੇੜੇ ਕਾਂਗੜਾ ਢਾਬੇ ਬਾਹਰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਮਨੂ ਨੇ ਇਕ ਦੁਕਾਨ 'ਚ ਲੁਕ ਕੇ ਆਪਣੀ ਜਾਨ ਬਚਾਈ ਸੀ। ਇਸ ਮਾਮਲੇ 'ਚ ਕਈ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੁਲਜ਼ਮ ਗੌਰਵ ਸ਼ਰਮਾ ਉਰਫ ਨੌਨੀ ਸ਼ਰਮਾ ਅਤੇ ਪਾਰਸ ਅਰੋੜਾ ਸਮੇਤ ਹੋਰ ਮੁਲਜ਼ਮਾਂ ਨੂੰ ਪੁਲਸ ਅਜੇ ਤੱਕ ਫੜ ਨਹੀਂ ਸਕੀ ਹੈ। 

ਫੇਸਬੁੱਕ 'ਤੇ ਲਾਈਵ ਹੋ ਕੇ ਮਨਾਇਆ ਜਨਮਦਿਨ ਤੇ ਦਿੱਤੀ ਪੁਲਸ ਨੂੰ ਚੁਣੌਤੀ 
28 ਨਵੰਬਰ ਨੂੰ ਫੇਸਬੁੱਕ 'ਤੇ ਲਾਈਵ 'ਤੇ ਮੋਹਾਲੀ ਦੇ ਹੋਟਲ ਬਰਿਊ ਬ੍ਰਦਰ 'ਚ ਮੁੱਖ ਮੁਲਜ਼ਮ ਪਾਰਸ ਅਰੋੜਾ ਦਾ ਜਨਮ ਦਿਨ ਮਨਾਇਆ ਗਿਆ। ਇਥੇ ਪਾਰਸ ਅਰੋੜਾ ਅਤੇ ਨੋਨੀ ਸ਼ਰਮਾ ਦੋਵੇਂ ਮੌਜੂਦ ਸਨ। ਜਨਮ ਦਿਨ ਦੀ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓ ਨੋਨੀ ਸ਼ਰਮਾ ਨੇ ਆਪਣੀ ਫੇਸਬੁੱਕ ਆਈ. ਡੀ. ਪੋਸਟ ਕੀਤੀਆਂ ਹਨ, ਜਿਸ 'ਚ ਉਸ ਨੇ ਮੁਲਜ਼ਮ ਪਾਰਸ ਅਰੋੜਾ ਨੂੰ ਵੀ ਟੈਗ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੂੰ ਚੁਣੌਤੀ ਦਿੰਦੇ ਹੋਏ ਉਕਤ ਪੋਸਟ 'ਤੇ ਲਿਖਿਆ ਕਿ ਸਜ਼ਾ ਮਨਜ਼ੂਰ ਹੈ ਪਰ ਝੁੱਕਣਾ ਕਬੂਲ ਨਹੀਂ। 

ਥਾਣਾ ਨੰਬਰ ਤਿੰਨ ਦੇ ਐੱਸ. ਐੱਚ. ਓ. ਰਸ਼ਮਿੰਦਰ ਨੇ ਝਾੜਿਆ ਪੱਲਾ 
ਉਕਤ ਮਾਮਲੇ 'ਚ ਥਾਣਾ ਨੰਬਰ ਤਿੰਨ ਦੇ ਐੱਸ. ਐੱਚ. ਓ. ਰਸ਼ਮਿੰਦਰ ਸਿੰਘ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਉਕਤ ਮੁਲਜ਼ਮਾਂ ਨੇ ਫੇਸਬੁੱਕ 'ਤੇ ਪੋਸਟ ਪਾਈ ਹੈ। ਸਾਈਬਰ ਸੈੱਲ ਇਸ 'ਤੇ ਨਜ਼ਰ ਰੱਖਦਾ ਹੈ ਨਾ ਕਿ ਇਹ ਉਨ੍ਹਾਂ ਦਾ ਕੰਮ ਹੈ ਕਿ ਉਹ ਸੋਸ਼ਲ ਸਾਈਟਸ 'ਤੇ ਮੁਲਜ਼ਮਾਂ 'ਤੇ ਨਜ਼ਰ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੂਜੇ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

shivani attri

This news is Content Editor shivani attri