ਸੁਖਪਾਲ ਖਹਿਰਾ ਨੇ ਮਾਨਸਾ 'ਚ ਕੀਤਾ ਰੋਡ ਸ਼ੋਅ

03/25/2019 3:59:34 PM

ਮਾਨਸਾ (ਅਮਰਜੀਤ) : ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਬਠਿੰਡਾ ਲੋਕ ਸਭਾ ਹਲਕੇ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਏਕਤਾ ਪਾਰਟੀ ਦੇ ਮੁੱਖੀ ਸੁਖਪਾਲ ਖਹਿਰਾ ਨੇ ਅੱਜ ਮਾਨਸਾ ਵਿਚ ਇਕ ਰੋਡ ਸ਼ੋਅ ਕੀਤਾ। ਇਸ ਮੌਕੇ 'ਤੇ ਖਹਿਰਾ ਨੇ ਕਿਹਾ ਬਠਿੰਡਾ ਲੋਕ ਸਭਾ ਹਲਕੇ ਦੇ ਲੋਕ ਇਸ ਵਾਰ ਤੀਜੇ ਬਦਲ ਨੂੰ ਚੁਣਨਗੇ, ਕਿਉਂਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੀ ਹੈ ਪਰ ਬਠਿੰਡਾ ਵਿਚ ਕੁੜੀਆਂ ਨਸ਼ੇ ਦੇ ਟ੍ਰੈਕ ਵਿਚ ਫਸੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੇ ਸਾਰੇ ਵਾਅਦਿਆਂ ਅਤੇ ਦਾਅਵਿਆਂ ਦੀ ਹਵਾ ਨਿਕਲ ਰਹੀ ਹੈ।

ਇਸ ਮੌਕੇ 'ਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਹਮ-ਖਿਆਲੀ ਪਾਰਟੀਆਂ ਨਾਲ 30 ਮਾਰਚ ਨੂੰ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿਚ ਰਹਿੰਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਜਸਟਿਸ ਜੋਰਾ ਸਿੰਘ 'ਤੇ ਬੋਲਦੇ ਹੋਏ ਕਿਹਾ ਇਹੀ ਜੋਰਾ ਸਿੰਘ ਹਨ ਜਿਨ੍ਹਾਂ ਨੇ ਬੇਅਦਬੀ ਅਤੇ ਬਹਿਬਲਕਲਾਂ ਗੋਲੀ ਕਾਂਡ ਦੀ ਜਾਂਚ ਕੀਤੀ ਸੀ। ਇਨ੍ਹਾਂ ਦੀ ਜਾਂਚ ਰਿਪੋਰਟ ਨੂੰ ਬਾਦਲ ਸਰਕਾਰ ਨੇ ਦੇਖਣ ਤੱਕ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਹੁਣ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਦੌਰਾਨ ਭਗਵੰਤ ਮਾਨ ਵੱਲੋਂ ਖਹਿਰਾ 'ਤੇ ਕੀਤੀ ਟਿੱਪਣੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਖਹਿਰਾ ਹਰਸਿਮਰਤ ਕੌਰ ਬਾਦਲ ਨੂੰ ਚੋਣ ਜਿਤਾਉਣ ਲਈ ਬਠਿੰਡਾ ਆਏ ਹਨ, 'ਤੇ ਬੋਲਦੇ ਹੋਏ ਕਿਹਾ ਕਿ ਕੀ ਵਿਧਾਨਸਭਾ ਚੋਣਾਂ ਵਿਚ ਹਲਕਾ ਜਲਾਲਾਬਾਦ ਵਿਚ ਭਗਵੰਤ ਮਾਨ ਸੁਖਬੀਰ ਬਾਦਲ ਨੂੰ ਚੋਣ ਜਿਤਾਣ ਗਏ ਸਨ? ਉਨ੍ਹਾਂ ਕਿਹਾ ਕਿ ਉਹ ਬਠਿੰਡਾ ਲੋਕ ਸਭਾ ਤੋਂ ਤੀਜੇ ਬਦਲ ਦੇ ਰੂਪ ਵਿਚ ਚੋਣ ਲੜ ਰਹੇ ਹਨ।

cherry

This news is Content Editor cherry