ਘਰ-ਘਰ ਰੁਜ਼ਗਾਰ ਸਕੀਮ : ਮਾਨਸਾ ''ਚ 19 ਤੇ 26 ਸਤੰਬਰ ਨੂੰ ਲਗਾਇਆ ਜਾਵੇਗਾ ਮੈਗਾ ਰੁਜ਼ਗਾਰ ਮੇਲਾ

09/12/2019 10:17:22 AM

ਮਾਨਸਾ (ਮਿੱਤਲ) : ਸੂਬੇ ਦੇ ਹਰੇਕ ਘਰ ਵਿਚ ਰੁਜ਼ਗਾਰ ਦੇਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਘਰ-ਘਰ ਰੁਜ਼ਗਾਰ ਸਕੀਮ ਤਹਿਤ ਮਾਨਸਾ ਜ਼ਿਲੇ ਵਿਚ 19 ਸਤੰਬਰ ਨੂੰ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਅਤੇ 26 ਸਤੰਬਰ 2019 ਨੂੰ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼ ਭੀਖੀ ਵਿਖੇ 2 ਮੈਗਾ ਰੁਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਮੇਲਿਆਂ ਵਿਚ 40 ਕੰਪਨੀਆਂ ਵੱਲੋਂ ਭਾਗ ਲਿਆ ਜਾਵੇਗਾ ਅਤੇ ਬਿਨ੍ਹਾਂ ਤਜ਼ਰਬੇ ਵਾਲੇ ਨੌਜਵਾਨਾਂ ਨੂੰ ਵੀ ਨੌਕਰੀ ਪ੍ਰਦਾਨ ਕੀਤੀ ਜਾਵੇਗੀ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਸਥਾਨਕ ਬੱਚਤ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਵਿਚ ਵੱਡੀਆਂ ਕੰਪਨੀਆਂ ਜਿਵੇਂ ਲਾਰਸਨ ਐਂਡ ਟੁਰਬੋ, ਮਾਰੂਤੀ, ਤਲਵੰਡੀ ਸਾਬੋ ਪਾਵਰ ਲਿਮਟਿਡ, ਯੁਰੋਕਾ ਫੋਰਬਸ, ਆਈ.ਸੀ.ਆਈ.ਸੀ.ਆਈ., ਐਚ.ਡੀ.ਐਫ.ਸੀ. ਬੈਂਕ, ਏਵਨ ਸਾਈਕਲ, ਐਲ.ਆਈ.ਸੀ. ਇੰਡੀਆ ਆਦਿ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੰਪਿਊਟਰ ਆਪਰੇਟਰ, ਟੈਲੀ ਕਾਲਰ, ਮਾਰਕਿਟਿੰਗ, ਫੀਲਡ ਅਫ਼ਸਰ, ਹੈਲਪਰ ਆਦਿ ਵਰਗੀਆਂ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਾਲ 2018-19 ਦੌਰਾਨ 2375 ਵਿਅਕਤੀਆਂ ਨੂੰ ਜ਼ਿਲਾ ਰੋਜ਼ਗਾਰ ਬਿਊਰੋ ਅਤੇ ਕਾਰੋਬਾਰ ਉਤਪਤੀ ਦਫ਼ਤਰ ਦੇ ਮਾਧਿਅਮ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਅਤੇ 2019-20 ਵਿਚ ਅਗਸਤ ਮਹੀਨੇ ਤੱਕ 1100 ਵਿਅਕਤੀ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚੋਂ 10 ਜ਼ਰੂਰਤਮੰਦ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਵੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆਂ ਵਿਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ ਵਿਚ ਕੋਈ ਇੰਡਸਟਰੀ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਨਾ ਹੋਣ ਦੇ ਬਾਵਜੂਦ ਵੀ ਮਾਨਸਾ ਜ਼ਿਲਾ ਪ੍ਰਸ਼ਾਸ਼ਨ ਵੱਲੋਂ 6230 ਨੌਕਰੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਬੈਂਕਾਂ ਵੱਲੋਂ ਵੀ ਸਟਾਲ ਲਗਾਏ ਜਾਣਗੇ, ਜਿੱਥੇ ਲੋਕਾਂ ਨੂੰ ਮੁਦਰਾ ਬੈਂਕ ਲੋਨ ਸਕੀਮ ਸਬੰਧੀ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦੌਰਾਨ ਡੇਅਰੀ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਵੀ ਸਵੈ-ਰੁਜ਼ਗਾਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਨਾਮ ਜ਼ਿਲਾ ਰੁਜ਼ਗਾਰ ਅਤੇ ਕਾਰੋਬਾਰ ਉਤਪਤੀ ਬਿਊਰੋ ਵਿਖੇ ਜ਼ਰੂਰ ਰਜਿਸਟਰਡ ਕਰਵਾਉਣ, ਜੋ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਬਣੇ ਸੇਵਾ ਕੇਂਦਰ ਦੇ ਉਪਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਕਰੀ ਪਾਉਣ ਦੇ ਚਾਹਵਾਨ ਨੌਜਵਾਨ ਆਪਣੇ ਆਪ ਨੂੰ ਪੰਜਾਬ ਸਰਕਾਰ ਦੇ ਪੋਰਟਲ http://www.ghargharrozgar.punjab.gov.in 'ਤੇ ਵੀ ਰਜਿਸਟਰਡ ਕਰ ਸਕਦੇ ਹਨ। ਕਿਸੇ ਵੀ ਕਿਸਮ ਦੀ ਵਧੇਰੇ ਜਾਣਕਾਰੀ ਲਈ 01652-232315 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੇਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ ਅਤੇ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਫ਼ਸਰ ਮੇਜਰ ਹਰਪ੍ਰੀਤ ਸਿੰਘ (ਰਿਟਾਇਰਡ) ਵੀ ਮੌਜੂਦ ਸਨ।

cherry

This news is Content Editor cherry