ਬੇਸਹਾਰਾ ਪਸ਼ੂਆਂ ਤੋਂ ਛੁਟਕਾਰਾ ਪਾਉਣ ਲਈ ਮਾਨਸਾ ਜ਼ਿਲਾ ਮੁਕੰਮਲ ਤੌਰ 'ਤੇ ਰਿਹਾ ਬੰਦ (ਵੀਡੀਓ)

09/13/2019 2:29:17 PM

ਮਾਨਸਾ/ਸਰਦੂਲਗੜ੍ਹ/ਬੁਢਲਾਡਾ (ਸੰਦੀਪ ਮਿੱਤਲ,ਚੋਪੜਾ,ਬਾਂਸਲ, ਗਰਗ, ਆਨੰਦ) : ਵਪਾਰ ਮੰਡਲ ਅਤੇ ਹੋਰ ਵੱਖ-ਵੱਖ ਲੋਕ ਹਿਤੈਸ਼ੀ ਜਥੇਬੰਦੀਆਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰ ਕੇ ਗਠਿਤ ਆਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਦਿੱਤੇ ਸੱਦੇ 'ਤੇ ਮਾਨਸਾ ਜ਼ਿਲੇ ਅੰਦਰ ਬੇਸਹਾਰਾ ਪਸ਼ੂਆਂ ਤੋਂ ਛੁਟਕਾਰਾ ਪਾਉਣ ਲਈ ਅੱਜ ਮਾਨਸਾ ਜ਼ਿਲਾ ਮੁਕੰਮਲ ਤੌਰ 'ਤੇ ਬੰਦ ਰਿਹਾ। ਇਸ ਦੌਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੇ ਬਾਰਾਂ ਹੱਟਾਂ ਚੌਕ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਇਕ ਦਿਨ ਦੀ ਭੁੱਖ ਹੜਤਾਲ 'ਤੇ ਬੈਠਣ ਵਾਲਿਆਂ 'ਚ ਪ੍ਰੇਮ ਅਰੋੜਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਵਿੰਦਰ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ, ਬਲਜੀਤ ਸ਼ਰਮਾ, ਧਰਮਵੀਰ ਵਾਲੀਆ, ਸਹਿਜਪਾਲ ਸਿੰਘ ਐਡਵੋਕੇਟ, ਹਰਵਿੰਦਰ ਸਿੰਘ ਮਾਨਸ਼ਾਹੀਆ, ਸਿਮਰਜੀਤ ਕੌਰ ਸਿੰਮੀ, ਜਸਵੀਰ ਕੌਰ ਨੱਤ, ਕਾ. ਨਰਿੰਦਰ ਕੌਰ ਬੁਰਜ ਹਮੀਰਾ, ਐਡਵੋਕੇਟ ਰੇਖਾ ਸ਼ਰਮਾ, ਬਿੱਕਰ ਸਿੰਘ ਮੰਘਾਣੀਆਂ ਅਤੇ ਬਲਵਿੰਦਰ ਬਾਂਸਲ ਸ਼ਾਮਲ ਸਨ। ਇਸ ਉਪਰੰਤ ਲੋਕਾਂ ਦੇ ਇਕੱਠ ਦਾ ਵਿਸ਼ਾਲ ਕਾਫਲਾ ਵੱਖ-ਵੱਖ ਬਾਜ਼ਾਰਾਂ 'ਚ ਰੋਸ ਮੁਜ਼ਾਹਰਾ ਕਰਦਿਆਂ ਜ਼ਿਲਾ ਕਚਹਿਰੀ ਵਿਖੇ ਪਹੁੰਚਿਆ। ਸਾਰਿਆਂ ਨੇ ਇਕ ਸੁਰ 'ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਮਰੀਕਨ ਸਾਨ੍ਹਾਂ ਦੇ ਹੱਲ ਲਈ ਫੌਰੀ ਤੌਰ 'ਤੇ ਬੁੱਚੜਖਾਨੇ ਖੋਲ੍ਹੇ ਜਾਣ ਤਾਂ ਕਿ ਲੋਕਾਂ ਦੀਆਂ ਜਾ ਰਹੀਆਂ ਬੇਸ਼ੁਮਾਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ, ਆਈ. ਐੱਮ. ਏ. ਦੇ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਜੋ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਹੈ, ਉਸ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਕਾਰਣ ਬੇਸਹਾਰਾ ਪਸ਼ੂਆਂ ਦੀ ਵਜ੍ਹਾ ਨਾਲ ਕੀਮਤੀ ਜਾਨਾਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਝਿਜਕਿਆ ਨਹੀਂ ਜਾਵੇਗਾ। ਇਸ ਮੌਕੇ ਰੋਸ ਧਰਨੇ 'ਚ ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ, ਸਰਾਫਾ ਯੂਨੀਅਨ ਦੇ ਮਨਜੀਤ ਸਦਿਓੜਾ, ਆਰਾ ਯੂਨੀਅਨ ਦੇ ਅਰੁਣ ਬਿੱਟੂ ਆਦਿ ਨੇ ਵੀ ਮੰਗ ਕੀਤੀ ਕਿ ਤੁਰੰਤ ਬੇਸਹਾਰਾ ਪਸ਼ੂਆਂ ਅਤੇ ਅਮਰੀਕੀ ਸਾਨ੍ਹਾਂ ਦੇ ਨਿਪਟਾਰੇ ਲਈ ਯੋਗ ਕਦਮ ਉਠਾਏ ਜਾਣ। ਇਸ ਮੌਕੇ ਰੋਸ ਧਰਨੇ 'ਚ ਹਰਿੰਦਰ ਸਿੰਘ ਮਾਨਸ਼ਾਹੀਆ, ਡਾ. ਤੇਜਿੰਦਰਪਾਲ ਸਿੰਘ ਰੇਖੀ, ਗੁਰਲਾਭ ਮਾਹਲ , ਡਾ. ਸਤਪਾਲ, ਅਮਰਜੀਤ ਕਟੌਦੀਆ ਆਦਿ ਅਤੇ ਮਾਨਸਾ ਦੀਆਂ ਸਾਰੀਆਂ ਵਪਾਰਕ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

ਸਰਦੂਲਗੜ੍ਹ ਦੇ ਬਾਜ਼ਾਰ ਮੁਕੰਮਲ ਬੰਦ ਰਹੇ ਜਦੋਂਕਿ ਆਵਾਜਾਈ ਨਿਰਵਿਘਨ ਚਲਦੀ ਰਹੀ
ਸਰਦੂਲਗੜ੍ਹ ਇਲਾਕੇ ਦੀਆਂ ਸਮੂਹ ਐਸੋਸੀਏਸ਼ਨਾਂ, ਕਿਸਾਨ, ਮਜ਼ਦੂਰ, ਸਮਾਜਸੇਵੀ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਅਤੇ ਸਮਰਥਨ ਨਾਲ ਸਰਦੂਲਗੜ੍ਹ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ ਜਦੋਂਕਿ ਆਵਾਜਾਈ ਨਿਰਵਿਘਨ ਸੰਚਾਰੂ ਢੰਗ ਨਾਲ ਚਲਦੀ ਰਹੀ। ਸ਼ਹਿਰ ਦੇ ਚੌੜਾ ਬਾਜ਼ਾਰ 'ਚ ਇਲਾਕਾ ਵਾਸੀਆਂ ਵੱਲੋਂ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸੜਕਾਂ, ਗਲੀਆਂ ਅਤੇ ਬਾਜ਼ਾਰਾਂ 'ਚ ਝੁੰਡਾਂ ਦੇ ਝੁੰਡ ਬਣਕੇ ਫਿਰਦੇ ਬੇਸਹਾਰਾ ਪਸ਼ੂਆਂ ਕਾਰਣ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦੇ ਰੂਪ 'ਚ ਘੁੰਮਦੇ ਇਕੱਠੇ ਹੋਏ ਬੇਸਹਾਰਾ ਪਸ਼ੂ ਸੜਕਾਂ 'ਤੇ ਦੁਰਘਟਾਨਾਵਾਂ ਦਾ ਵੱਡਾ ਕਾਰਣ ਬਣਦੇ ਹਨ, ਜਿਸ ਨਾਲ ਬੇਸ਼ਕੀਮਤੀ ਮਨੁੱਖੀ ਜਾਨਾਂ ਅਜ਼ਾਈਂ ਹੀ ਚਲੀਆਂ ਜਾਂਦੀਆਂ ਹਨ ਅਤੇ ਪਰਿਵਾਰ ਦੇ ਪਰਿਵਾਰ ਬਰਬਾਦ ਹੋ ਜਾਂਦੇ ਹਨ। ਇਸ ਮੌਕੇ ਵਪਾਰ ਮੰਡਲ ਪ੍ਰਧਾਨ ਮਥਰਾ ਦਾਸ ਗਰਗ, ਰਮੇਸ਼ ਕੁਮਾਰ, ਸੁਖਵਿੰਦਰ ਸਿੰਘ ਸੁੱਖੀ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

ਬੁਢਲਾਡਾ 'ਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਰੋਸ ਮਾਰਚ
ਦਿਨੋਂ ਦਿਨ ਵੱਧ ਰਹੀਆਂ ਦੁਰਘਟਨਾਵਾਂ ਦੇ ਜ਼ਿੰਮੇਵਾਰ ਬੇਸਹਾਰਾ ਪਸ਼ੂਆ ਦੇ ਕਾਰਣ ਮਨੁੱਖੀ ਜਾਨਾਂ ਦੇ ਹੋ ਰਹੇ ਨੁਕਸਾਨ ਨੂੰ ਮੱਦੇਨਜ਼ਰ ਰੱਖਦਿਆਂ ਇਸ ਦੇ ਹੱਲ ਲਈ ਪੰਜਾਬ ਸਰਕਾਰ ਦੇ ਕੰਨਾਂ ਤੱਕ ਆਵਾਜ਼ ਬੁਲੰਦ ਕਰਨ ਲਈ ਅੱਜ ਮਾਨਸਾ ਜ਼ਿਲੇ ਦੇ ਬੰਦ ਦੇ ਸੱਦੇ 'ਤੇ ਬੁਢਲਾਡਾ ਮੁਕੰਮਲ ਬੰਦ ਰਿਹਾ। ਇਸ ਮੌਕੇ ਨਗਰ ਸੁਧਾਰ ਸਭਾ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ 'ਚ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਵੱਲ ਨਾ ਧਿਆਨ ਦਿੱਤਾ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ। ਇਸ ਦੌਰਾਨ ਸਾਬਕਾ ਵਿਧਾਇਕ ਬੁਢਲਾਡਾ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪੰਜਾਬ 'ਚ ਲਗਭਗ ਅਮਰੀਕੀ ਨਸਲ ਦੇ 5000 ਦੇ ਕਰੀਬ ਸਾਨ੍ਹ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ 'ਚ ਇਨ੍ਹਾਂ ਦੀ ਗਿਣਤੀ 50 ਹਜ਼ਾਰ ਹੋਵੇਗੀ। ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ, ਐਡਵੋਕੇਟ ਸੁਸ਼ੀਲ ਕੁਮਾਰ ਬਾਸਲ, ਪ੍ਰੇਮ ਸਿੰਘ ਦੋਦੜਾ, ਰਾਕੇਸ਼ ਕੁਮਾਰ ਘੱਤੂ, ਐਡਵੋਕੇਟ ਸਵਰਨਜੀਤ ਸਿੰਘ ਦਲਿਓ ਆਦਿ ਹਾਜ਼ਰ ਸਨ।

ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਦਾ
ਮਾਨਸਾ ਜ਼ਿਲੇ 'ਚ ਬੇਸਹਾਰਾ ਪਸ਼ੂਆਂ ਦੇ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਢੁੱਕਵਾਂ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਵੱਧ ਹੈ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਬੇਸਹਾਰਾ ਪਸ਼ੂਆਂ ਨੂੰ ਪਹਿਲਾਂ ਵੀ ਫੜ ਕੇ ਗਊਸ਼ਾਲਾਵਾਂ 'ਚ ਭੇਜਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਅਸੀਂ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨ ਜਾਰੀ ਰੱਖਾਂਗੇ ਤਾਂ ਕਿ ਜ਼ਿਲਾ ਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਨਾਲ ਹੋਣ ਵਾਲੀਆਂ ਘਟਨਾਵਾਂ ਤੋਂ ਰਾਹਤ ਮਿਲ ਸਕੇ। ਅਖੀਰ 'ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

cherry

This news is Content Editor cherry