ਅਾਵਾਰਾ ਪਸ਼ੂਅਾਂ ਦੇ ਵਧਣ ਕਾਰਨ ਮਾਨਸਾ ਸ਼ਹਿਰ ਬਣਿਆ ‘ਕੈਟਲ ਪਾਊਂਡ’

08/06/2018 5:13:48 AM

ਮਾਨਸਾ, (ਜੱਸਲ)- ਸ਼ਹਿਰ ’ਚ ਅਾਵਾਰਾ ਪਸ਼ੂਆਂ ਦੀ ਭਰਮਾਰ ਹੋਣ ’ਤੇ ਇਹ ਸਮੱਸਿਆ ਲੋਕਾਂ ਦੀ ਜਾਨ ਦਾ ਖੌਅ ਬਣ ਰਹੀ ਹੈ। ਸ਼ਹਿਰ ਦੇ ਹਰ ਬਾਜ਼ਾਰ ਅਤੇ ਗਲੀ ’ਚ ਅਮਰੀਕੀ ਅਤੇ ਦੇਸੀ ਢੱਠਿਆਂ ਦੇ ਝੁੰਡ ਵਧਣ ’ਤੇ ਪੂਰਾ ਸ਼ਹਿਰ ‘ਕੈਟਲ ਪਾਊਂਡ’ ਬਣ ਕੇ ਰਹਿ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ’ਚ ਟੈਕਸ ਵਸੂਲਣ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਇਹ ਸਮੱਸਿਆ ਘਟਣ ਦੀ ਥਾਂ ਦਿਨੋ-ਦਿਨ ਵਧ ਰਹੀ ਹੈ। ਕਿਸਾਨ ਜਥੇਬੰਦੀਆਂ ਅਤੇ ਸ਼ਹਿਰ ਵਾਸੀ ਲਗਾਤਾਰ ਇਸ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਹਨ। ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਜ਼ਿਲਾ ਪ੍ਰਸ਼ਾਸਨ ਇਸ ਸਮੱਸਿਆ ਪ੍ਰਤੀ ਪੂਰੀ ਤਰ੍ਹਾਂ ਬੇਖਬਰ ਹੈ। ਅਕਾਲੀਆਂ ਦੀ ਸਰਕਾਰ ਵੇਲੇ ਕਿਸਾਨ ਜਥੇਬੰਦੀਆਂ ਨੇ ਅੱਕ ਕੇ ਰੋਸ ਵਜੋਂ ਵਿਧਾਇਕਾਂ ਦੀਆਂ ਰਿਹਾਇਸ਼ਾਂ ਅਤੇ ਜ਼ਿਲਾ ਕੰਪਲੈਕਸ ’ਚ ਅਾਵਾਰਾ ਪਸ਼ੂਆਂ ਨੂੰ ਛੱਡਿਆ ਪਰ ਕੋਈ ਅਸਰ ਨਾ ਹੋਇਅਾ। ਮਾਨਸਾ ਸ਼ਹਿਰ ’ਚ ਲੰਘੇ ਅੱਧੇ ਦਹਾਕੇ ’ਚ ਅਾਵਾਰਾ ਪਸ਼ੂਆਂ ਦੀ ਲਪੇਟ ’ਚ ਆ ਕੇ ਕਈ ਜਾਨਾਂ ਵੀ ਜਾ ਚੁੱਕੀਆਂ ਹਨ। 
 ਕਿੱਥੇ-ਕਿੱਥੇ ਹੈ ਇਹ ਜ਼ਿਆਦਾ ਸਮੱਸਿਆ 
 ਉਂਝ ਤਾਂ ਪੂਰੇ ਸ਼ਹਿਰ ਦੇ ਬਾਜ਼ਾਰ ਅਤੇ ਗਲੀਆਂ ਅਾਵਾਰਾ ਪਸ਼ੂਆਂ ਨੇ ਮੱਲੇ ਹੋਏ ਹਨ ਪਰ ਛੋਟੀ ਮਾਨਸਾ, ਕਚਹਿਰੀ ਰੋਡ, ਬੱਸ ਸਟੈਂਡ ਚੌਕ ਤੋਂ ਤਿੰਨਕੋਣੀ ਤੱਕ ਲਿੰਕ ਰੋਡ ’ਤੇ ਰਮਦਿੱਤੇ ਕੈਂਚੀਆਂ, ਮਾਨਸਾ ਕੈਂਚੀਆਂ, ਬਾਰ੍ਹਾਂ ਹੱਟਾਂ ਚੌਕ ਦੇ ਆਸ-ਪਾਸ ਦੇ ਬਾਜ਼ਾਰ, ਗਾਂਧੀ ਸਕੂਲ ਤੋਂ ਚਕੇਰੀਆਂ ਵਾਲੇ ਫਾਟਕ ਤੱਕ, ਮੁੱਖ ਰੇਲਵੇ ਫਾਟਕ ਕੋਲ ਸਬਜ਼ੀ ਮਾਰਕੀਟ ’ਚ, ਮੂਸਾ ਚੁੰਗੀ ਰੋਡ ’ਤੇ ਅਾਵਾਰਾ ਪਸ਼ੂ ਭਗਦਡ਼ ਮਚਾਉਂਦੇ ਅਤੇ ਆਪਸ ’ਚ ਲਡ਼ਦੇ ਦੇਖੇ ਜਾ ਸਕਦੇ ਹਨ। ਸ਼ਹਿਰ ਅੰਦਰ ਗੰਦਗੀ ਦੇ ਢੇਰਾਂ ’ਤੇ ਵੀ ਇਨ੍ਹਾਂ ਅਾਵਾਰਾ ਪਸ਼ੂਆਂ ਦੀ ਜ਼ਿਆਦਾ ਗਿਣਤੀ ਦੇਖੀ ਜੀ ਸਕਦੀ ਹੈ। ਪਿੰਡਾਂ ’ਚ ਫਸਲਾਂ ਦਾ ਉਜਾਡ਼ਾ ਕਰਨ ’ਤੇ ਦੁਖੀ ਹੋ ਕੇ ਕਿਸਾਨ ਇਨ੍ਹਾਂ ਅਾਵਾਰਾ ਪਸ਼ੂਆਂ ਨੂੰ ਸ਼ਹਿਰ ਦੀ ਹਦੂਦ ’ਚ ਛੱਡ ਜਾਂਦੇ ਹਨ। ਸ਼ਹਿਰ ਦਾ ਅਜਿਹਾ ਕੋਈ ਭਾਗ ਅਛੂਤਾ ਨਹੀਂ, ਜਿਥੇ ਅਾਵਾਰਾ ਪਸ਼ੂਆਂ ਦਾ ਗਡ਼੍ਹ ਨਾ ਹੋਵੇ। ਇਸ ਵੇਲੇ ਅਾਵਾਰਾ ਪਸ਼ੂ ਸਡ਼ਕਾਂ ’ਤੇ ਜਮਦੂਤ ਬਣ ਕੇ ਟ੍ਰੈਫਿਕ ਨੂੰ ਰੋਕਾਂ ਲਾ ਕੇ ਕਾਫੀ ਪ੍ਰਭਾਵਿਤ ਕਰ ਰਹੇ ਹਨ। ਕਈ ਵਾਰ ਸਡ਼ਕ ਦੁਰਘਟਨਾਵਾਂ ਨੂੰ ਜਨਮ ਦੇ ਕੇ ਦੁਖਦਾਈ ਵੀ ਬਣ ਜਾਂਦੇ ਹਨ। ਕਈ ਸੈਰਗਾਹਾਂ ’ਤੇ ਵੀ ਅਾਵਾਰਾ ਪਸ਼ੂਆਂ ਤੋਂ ਬਚਣ ਲਈ ਲੋਕਾਂ ਨੂੰ ਸੋਟੀਆਂ ਹੱਥ ’ਚ ਫਡ਼ ਕੇ ਚੱਲਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਜ਼ਿਲਾ ਪ੍ਰਸ਼ਾਸਨ ਨੂੰ ਸਾਰਥਕ ਕਦਮ ਉਠਾਉਣ ਦੀ ਲੋਡ਼ ਹੈ। 
ਕੀ ਕਹਿਣੈ ਸ਼ਹਿਰ ਵਾਸੀਆਂ ਦਾ 
 ਸੀ. ਪੀ. ਆਈ.(ਐੱਮ. ਐੱਲ.) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਕਾ. ਰਾਜਵਿੰਦਰ ਰਾਣਾ, ਐਡਵੋਕੇਟ ਬਲਕਰਨ ਬੱਲੀ ਅਤੇ ਸਮਾਜ ਸੇਵੀ ਲਾਲੀ ਚੌਹਾਨ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਬਡ਼ੀ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ  ’ਚ ਜਦ ਲੋਕ ਸਵੇਰੇ ਘਰਾਂ ’ਚੋਂ ਨਿਕਲਦੇ ਹਨ ਤਾਂ ਆਵਾਰਾ ਪਸ਼ੂਆਂ ਦੇ ਗੋਹੇ ਤੇ ਮੂਤਰ ਨਾਲ ਭਰੀਆਂ ਗਲੀਆਂ  ਉਨ੍ਹਾਂ ਦਾ ਸਵਾਗਤ ਕਰਦੀਅਾਂ ਹਨ ਪਰ ਜ਼ਿਲਾ ਪ੍ਰਸ਼ਾਸਨ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਸਦਾ ਹੀ ਅਣਗੌਲਿਆ  ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੀ ਤਾਂ ਸ਼ਹਿਰ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ’ਤੇ ਵਸੂਲਿਆ ‘ਕਾਓਸੈਸ’ ਤੁਰੰਤ ਵਾਪਸ ਕਰੇ। 
ਡੀ. ਸੀ. ਨੇ ‘ਕੈਟਲ ਪਾਊਂਡ’ ਦਾ ਕੀਤਾ ਦੌਰਾ 
 ਪਿੰਡ ਖੋਖਰ ਕਲਾਂ ’ਚ 10 ਏਕਡ਼ ਵਿਚ ਬਣੇ ‘ਕੈਟਲ ਪਾਊਂਡ’ ਵਿਖੇ ਅੱਜ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਜ਼ਿਲਾ ਪਸ਼ੂ ਭਲਾਈ ਕਮੇਟੀ ਦੀ ਅਚਨਚੇਤ ਮੀਟਿੰਗ ਹੋਈ, ਜਿਸ ’ਚ ਪਸ਼ੂ ਭਲਾਈ ਕਮੇਟੀ ਵੱਲੋਂ ਗਊਸ਼ਾਲਾ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਪਰ ਇਸ ਮੀਟਿੰਗ ’ਚ ਸ਼ਹਿਰ  ’ਚ ਫਿਰ ਰਹੇ ਅਾਵਾਰਾ ਪਸ਼ੂਆਂ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਇਸ ਕੈਟਲ ਪਾਊਂਡ ਦੀ ਸੁੰਦਰ ਦਿੱਖ ਨੂੰ ਖੁਦ ਵੇਖ ਕੇ ਉਨ੍ਹਾਂ ਨੂੰ ਵੱਖਰਾ ਅਨੁਭਵ ਹੋਇਆ ਹੈ।  ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਕੈਟਲ ਪਾਊਂਡ ਦੀ ਬਿਹਤਰੀ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਕਮੇਟੀ ਨੇ ਦੱਸਿਆ ਕਿ ਹਰ ਐਤਵਾਰ ਵਾਲੇ ਦਿਨ 2 ਹਜ਼ਾਰ ਤੋਂ ਵੀ ਵੱਧ ਸੈਰਗਾਹੀ ਲੋਕ ਇਸ ਕੈਟਲ ਪਾਊਂਡ ਦੀ ਸੁੰਦਰਤਾ ਨੂੰ ਨਿਹਾਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ ਪ੍ਰੀ-ਵੈਡਿੰਗ ਸ਼ੂਟਿੰਗ ਲਈ ਵੀ ਲੋਕ ਪਹੁੰਚ ਰਹੇ ਹਨ ਅਤੇ ਇਸ ਕੈਟਲ ਪਾਊਂਡ ’ਚ 1200 ਦੇ ਕਰੀਬ ਗਊਵੰਸ਼ ਦੀ ਸਾਂਭ-ਸੰਭਾਲ ਲਈ ਜ਼ਿਲਾ ਪਸ਼ੂ ਭਲਾਈ ਸੋਸਾਇਟੀ ਹਮੇਸ਼ਾ ਤੱਤਪਰ ਰਹਿੰਦੀ ਹੈ। ਇਸ ਗਊਸ਼ਾਲਾ ਵਿਚ ਇਕ ਓਪਨ ਏਅਰ ਥਿਏਟਰ ਅਤੇ ਆਕਰਸ਼ਕ ਮੰਦਰ ਦਾ ਨਿਰਮਾਣ ਵੀ ਕੀਤਾ ਗਿਆ ਹੈ।  
 ਕੌਣ-ਕੌਣ ਸਨ ਹਾਜ਼ਰ 
 ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਿਸ਼ਿਸ਼ਟ, ਸੁਪਰਡੈਂਟ ਪਵਨ ਕੁਮਾਰ, ਅਸ਼ਵਨੀ ਕੁਮਾਰ, ਜ਼ਿਲਾ ਕੋਆਰਡੀਨੇਟਰ ਮਗਨਰੇਗਾ ਮਨਦੀਪ ਸਿੰਘ ਸਿੱਧੂ, ਮੱਘਰ ਮੱਲ ਖਿਆਲਾ, ਸੰਜੀਵ ਕੁਮਾਰ ਪਿੰਕਾ, ਭੀਮ ਸੈਨ ਜੈਨ, ਸੁਰਿੰਦਰ ਪਿੰਟਾ,  ਸ਼ਾਮ ਲਾਲ ਗੋਇਲ,  ਜੈਪਾਲ, ਜਗਜੀਤ ਵਾਲੀਆ, ਡਾ. ਵਿਨੋਦ ਮਿੱਤਲ, ਪਵਨ ਕੋਟਲੀ ਅਤੇ ਮੁਕੇਸ਼ ਕੁਮਾਰ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਸ਼ੂ ਭਲਾਈ ਕਮੇਟੀ ਦੇ ਮੈਂਬਰ ਮੌਜੂਦ ਸਨ।