ਪੰਜਾਬ ''ਚ ਮਨਰੇਗਾ ਮਾਫੀਆ ਕੇਂਦਰੀ ਫੰਡਾਂ ''ਚ ਕਰ ਰਿਹੈ ਘਪਲਾ : ਹਰਸਿਮਰਤ

07/11/2019 8:33:10 PM

ਚੰਡੀਗੜ੍ਹ,(ਅਸ਼ਵਨੀ): ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਅੰਦਰ ਇਕ ਮਨਰੇਗਾ ਮਾਫੀਆ ਨੇ ਲੁੱਟ ਮਚਾ ਰੱਖੀ ਹੈ, ਜਿਹੜਾ ਕਿ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਲਈ ਆਉਣ ਵਾਲੇ ਕੇਂਦਰੀ ਫੰਡਾਂ 'ਚ ਵੱਡਾ ਘਪਲਾ ਕਰ ਰਿਹਾ ਹੈ। ਉਨ੍ਹਾਂ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼੍ਰੀ ਨਰਿੰਦਰ ਤੋਮਰ ਨੂੰ ਇਸ ਧੋਖਾਧੜੀ ਲਈ ਜ਼ਿੰਮੇਵਾਰ ਕਾਂਗਰਸੀ ਅਹੁਦੇਦਾਰਾਂ ਅਤੇ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਸਬੰਧੀ ਦਿਹਾਤੀ ਵਿਕਾਸ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਾਂਗਰਸੀ ਅਹੁਦੇਦਾਰਾਂ ਵੱਲੋਂ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਲਈ ਆਉਂਦੇ ਕੇਂਦਰੀ ਫੰਡਾਂ 'ਚ ਹੇਰਾ-ਫੇਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸੂਬੇ ਅੰਦਰ ਇਸ ਸਕੀਮ 'ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ। 22 ਜ਼ਿਲਿਆਂ ਦੇ 65 ਪਿੰਡਾਂ ਵਿਚ ਕੀਤੇ ਇਕ ਅਧਿਐਨ ਮੁਤਾਬਿਕ ਇਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਲਾਭਪਾਤਰੀਆ ਨੂੰ ਜਾਬ ਕਾਰਡ ਲੈਣ ਵਾਸਤੇ ਰਿਸ਼ਵਤ ਤਕ ਦੇਣੀ ਪਈ ਅਤੇ ਬਹੁਤ ਸਾਰੇ ਕੇਸਾਂ ਵਿਚ ਅਜਿਹੇ ਜਾਬ ਕਾਰਡ ਰਸੂਖਵਾਨ ਕਿਸਾਨਾਂ ਦੇ ਨਾਂ 'ਤੇ ਬਣਾਏ ਗਏ।

ਦਿਹਾਤੀ ਵਿਕਾਸ ਮੰਤਰੀ ਨੂੰ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰਨ ਵਾਲੇ ਸਾਰੇ ਵਿਅਕਤੀਆਂ ਦੇ ਖ਼ਿਲਾਫ ਮੁਕੱਦਮੇ ਦਰਜ ਕੀਤੇ ਜਾਣੇ ਚਾਹੀਦੇ ਹਨ। ਉਨਾਂ ਨੇ ਕੇਂਦਰੀ ਮੰਤਰੀ ਨੂੰ ਬਠਿੰਡਾ ਸੰਸਦੀ ਹਲਕੇ ਵਿਚ ਪੈਂਦੇ ਬੁਢਲਾਡਾ, ਬਠਿੰਡਾ ਦਿਹਾਤੀ ਅਤੇ ਭੁੱਚੋ ਇਲਾਕਿਆਂ ਵਿਚ ਮਨਰੇਗਾ ਦੇ ਕੰਮਾਂ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ, ਕਿਉਂਕਿ ਇਨ੍ਹਾਂ ਇਲਾਕਿਆਂ ਵਿਚੋਂ ਸਰਪੰਚਾਂ ਅਤੇ ਸਥਾਨਕ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਨਾਲ ਸਰਕਾਰੀ ਅਧਿਕਾਰੀਆਂ ਵੱਲੋਂ ਮਨਰੇਗਾ ਫੰਡਾਂ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕਰਨ ਦੀਆਂ ਸ਼ਿਕਾਇਤਾਂ ਆਈਆਂ ਹਨ।