115 ਘੰਟੇ ਬਾਅਦ ਵੀ ਰਿਸ਼ਤੇਦਾਰਾਂ ਦੀਆਂ ਅੱਖਾਂ ਤੱਕ ਰਹੀਆਂ ਸੁਖਦੇਵ, ਮਨਪ੍ਰੀਤ ਤੇ ਮਨੋਹਰ ਲਾਲ ਦਾ ਰਾਹ

11/25/2017 5:33:31 AM

ਲੁਧਿਆਣਾ(ਰਿਸ਼ੀ)-ਇੰਡਸਟਰੀਅਲ ਏਰੀਏ 'ਚ ਅੱਗ ਲੱਗਣ ਤੋਂ ਬਾਅਦ ਡਿੱਗੀ ਇਮਾਰਤ ਦੇ ਮਾਮਲੇ ਵਿਚ 5 ਦਿਨਾਂ ਤੋਂ ਬਚਾਅ ਕਾਰਜ 'ਚ ਲੱਗੀਆਂ ਰਾਹਤ ਟੀਮਾਂ ਸ਼ੁੱਕਰਵਾਰ ਉਸ ਸਮੇਂ ਹੈਰਾਨ ਰਹਿ ਗਈਆਂ, ਜਦ ਬਾਅਦ ਦੁਪਹਿਰ ਮਲਬਾ ਚੁੱਕਦੇ ਸਮੇਂ ਉਨ੍ਹਾਂ ਨੂੰ ਡਿੱਗੀ ਬਿਲਡਿੰਗ ਦੇ ਇਕ ਹਿੱਸੇ 'ਚੋਂ ਕੈਮੀਕਲ ਨਾਲ ਭਰੇ ਡਰੰਮ ਬਰਾਮਦ ਹੋਏ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਘਟੇ, ਇਸ ਦੇ ਲਈ ਟੀਮ ਨੇ ਬਹੁਤ ਸਾਵਧਾਨੀ ਨਾਲ ਕੈਮੀਕਲ ਦੇ ਡਰੰਮਾਂ 'ਚੋਂ ਕੁਝ ਨੂੰ ਬਾਹਰ ਕੱਢਿਆ। ਹਾਲਾਂਕਿ ਹੁਣ ਵੀ ਕੈਮੀਕਲ ਦੇ ਕਈ ਡਰੰਮ ਇਮਾਰਤ ਦੇ ਹੇਠਾਂ ਦੱਬੇ ਹੋਣ ਦਾ ਸ਼ੱਕ ਰਾਹਤ ਕਾਰਜ ਟੀਮਾਂ ਵਲੋਂ ਜਤਾਇਆ ਜਾ ਰਿਹਾ ਹੈ। ਦੇਖਣ ਵਾਲਿਆਂ ਮੁਤਾਬਕ ਜੇਕਰ ਅੱਜ ਵੀ ਅੱਗ ਉਨ੍ਹਾਂ ਡਰੰਮਾਂ ਤੱਕ ਪਹੁੰਚ ਜਾਂਦੀ ਤਾਂ ਦੁਬਾਰਾ ਕੋਈ ਅਣਹੋਣੀ ਘਟਨਾ ਘਟ ਸਕਦੀ ਸੀ। ਰਾਹਤ ਟੀਮਾਂ ਮੁਤਾਬਕ ਇਹ ਡਰੰਮ ਇਸ ਲਈ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਏ ਕਿਉਂਕਿ ਇਨ੍ਹਾਂ ਉੱਪਰ ਡਿੱਗੀ ਹੋਈ ਬਿਲਡਿੰਗ ਦੇ 3 ਹਿੱਸੇ ਆ ਗਏ, ਜਿਸ ਕਾਰਨ ਡਰੰਮ ਹੇਠਾਂ ਦੱਬ ਗਏ ਅਤੇ ਅੱਗ ਇਨ੍ਹਾਂ ਤੱਕ ਨਹੀਂ ਪਹੁੰਚ ਸਕੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਘਟਨਾ ਸਥਾਨ ਪਹੁੰਚੇ। ਰਾਹਤ ਕਾਰਜ ਦਾ ਜਾਇਜ਼ਾ ਲੈਣ ਲਈ ਉਹ ਘਟਨਾ ਸਥਾਨ ਦੇ ਨਾਲ ਵਾਲੀ ਤਿੰਨ ਮੰਜ਼ਿਲਾ ਬਿਲਡਿੰਗ ਦੇ ਉੱਪਰ ਵੀ ਗਏ ਤਾਂ ਕਿ ਪੂਰੀ ਸਥਿਤੀ ਨੂੰ ਬਾਰੀਕੀ ਨਾਲ ਦੇਖਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਪੂਰੀ ਸਥਿਤੀ ਨੂੰ ਦੇਖਣ ਤੋਂ ਬਾਅਦ ਰਾਹਤ ਕਾਰਜਾਂ 'ਚ ਜੁਟੀਆਂ ਟੀਮਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਮਲਬੇ 'ਚ ਦੱਬੇ ਫਾਇਰ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜ਼ਿਲਾ ਕਮਿਸ਼ਨਰ ਖੁਦ ਉਨ੍ਹਾਂ ਕੋਲ ਗਏ ਅਤੇ ਭਰੋਸਾ ਦਿੱਤਾ ਕਿ ਰਾਹਤ ਕਾਰਜਾਂ 'ਚ ਜੁਟੀਆਂ ਟੀਮਾਂ ਵਲੋਂ ਉਨ੍ਹਾਂ ਨੂੰ ਲੱਭਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਸਰਕਾਰ ਵੀ ਬਿਲਡਿੰਗ ਮਾਲਕ 'ਤੇ ਕੱਸਣ ਲੱਗੀ ਸ਼ਿਕੰਜਾ
ਉਧਰ ਸਰਕਾਰ ਨੇ ਵੀ ਬਿਲਡਿੰਗ ਮਾਲਕ 'ਤੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਵਲੋਂ ਡਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਜਾਂਚ ਤੋਂ ਬਾਅਦ ਜਿੱਥੇ ਬੁੱਧਵਾਰ ਨੂੰ ਖੁਦ ਡਵੀਜ਼ਨਲ ਕਮਿਸ਼ਨਰ ਨੂੰ ਘਟਨਾ ਸਥਾਨ ਦਾ ਦੌਰਾ ਕਰ ਕੇ ਸਾਰੇ ਵਿਭਾਗਾਂ ਨੂੰ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਹਰ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਫੈਕਟਰੀ ਮਾਲਕ 'ਤੇ ਹਰ ਤਰ੍ਹਾਂ ਦੀ ਵਿਭਾਗੀ ਕਾਰਵਾਈ ਕਰਨ ਦੀ ਤਿਆਰੀ
ਅੱਜ ਦਿਨ ਭਰ ਹੋਰ ਵਿਭਾਗਾਂ ਦੀਆਂ ਟੀਮਾਂ ਦੇ ਆਉਣ ਦੀ ਵੀ ਸੂਚਨਾ ਮਿਲੀ, ਇਸ ਸਬੰਧੀ ਅੰਦਾਜ਼ੇ ਲਾਏ ਜਾ ਰਹੇ ਹਨ ਬਿਲਡਿੰਗ ਮਾਲਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ 'ਤੇ ਹਰ ਤਰ੍ਹਾਂ ਦੀ ਵਿਭਾਗੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤੱਕ ਮਲਬੇ 'ਚ ਅੱਗ ਦੀ ਲਪਟਾਂ ਦੇਖੀ ਜਾ ਸਕਦੀਆਂ ਸੀ। ਰਾਹਤ ਕਰਮਚਾਰੀਆਂ ਅਨੁਸਾਰ 30 ਫੀਸਦੀ ਮਲਬਾ ਹੁਣ ਵੀ ਪਿਆ ਹੈ, ਜਿਸ ਨੂੰ ਚੁੱਕਣ 'ਚ 2 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਫੈਕਟਰੀ ਦਾ ਸਰੀਆ ਅੱਜ ਵੀ ਕੰਮ 'ਚ ਰੋੜਾ ਬਣਿਆ ਹੋਇਆ ਹੈ, ਜਿਸ ਨੂੰ ਚੁੱਕਣ ਅਤੇ ਕੱਟਣ ਲਈ ਟੀਮਾਂ ਸਖਤ ਮਿਹਨਤ ਕਰ ਰਹੀਆਂ ਹਨ।
ਰੈਵੇਨਿਊ ਟੀਮ ਨੇ ਰਿਕਾਰਡ ਦੇ ਲਈ ਲਈਆਂ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ
ਰੈਵੇਨਿਊ ਵਿਭਾਗ ਦੀ ਟੀਮ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਫੈਕਟਰੀ ਅਤੇ ਉਸ ਦੇ ਆਲੇ-ਦੁਆਲੇ ਬਣੀਆਂ ਇਮਾਰਤਾਂ ਦਾ ਵੀ ਰਿਕਾਰਡ ਇਕੱਠਾ ਕਰਦੇ ਹੋਏ ਕਈ ਘਰਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਵੀ ਲਈਆਂ। ਉਥੇ ਫੋਰੈਂਸਿਕ ਟੀਮ ਨੇ ਮਲਬੇ ਅਤੇ ਕਬਾੜ 'ਚ ਤਬਦੀਲ ਹੋ ਚੁੱਕੀ ਫੈਕਟਰੀ ਦੀ ਮਸ਼ੀਨਰੀ ਅਤੇ ਕੱਢੇ ਗਏ ਕੈਮੀਕਲ ਦੇ ਸੈਂਪਲ ਵੀ ਭਰੇ।