ਮੰਨਾ ਦੇ ਕਤਲ ਮਾਮਲੇ 'ਚ ਪੁਲਸ ਨੇ ਬਣਾਈ 5 ਮੈਂਬਰੀ ਸਿਟ

12/04/2019 12:37:30 AM

ਮਲੋਟ,(ਜੁਨੇਜਾ, ਕਾਠਪਾਲ) : ਬੀਤੇ ਸੋਮਵਾਰ ਦੀ ਸ਼ਾਮ ਨੂੰ ਮਲੋਟ ਦੇ ਸਕਾਈ ਮਾਲ 'ਚ ਹੋਏ ਸ਼ਰਾਬ ਦੇ ਠੇਕੇਦਾਰ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੁਲਸ ਨੇ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਇਹ ਪ੍ਰਗਟਾਵਾ ਐੱਸ. ਪੀ. ਡੀ. ਗੁਰਮੇਲ ਸਿੰਘ ਨੇ ਮਲੋਟ ਵਿਖੇ ਗੱਲਬਾਤ ਕਰਦਿਆਂ ਕੀਤਾ। ਉਹ ਅੱਜ ਹੋਰ ਅਧਿਕਾਰੀਆਂ ਨਾਲ ਕਤਲ ਦੀ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਸਨ ਅਤੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਤਲ ਦੀ ਗੁੱਥੀ ਨੂੰ ਸਲਝਾਉਣ ਲਈ ਪੁਲਸ ਵੱਲੋਂ 5 ਮੈਂਬਰੀ ਐੱਸ. ਆਈ. ਟੀ. ਦਾ ਗਠਨ ਕੀਤਾ ਹੈ । ਜਿਸ 'ਚ ਉਹ ਖੁਦ, ਐੱਸ. ਪੀ. ,ਪੀ. ਬੀ. ਆਈ. ਕੁਲਵੰਤ ਰਾਏ, ਡੀ. ਐੱਸ. ਪੀ. ਡੀ. ਜਸਮੀਤ ਸਿੰਘ, ਡੀ. ਐੱਸ. ਪੀ. ਮਲੋਟ ਮਨਮੋਹਨ ਸਿੰਘ ਔਲਖ, ਸੀ. ਆਈ. ਏ. ਇੰਸਪੈਕਟਰ ਪ੍ਰਤਾਪ ਸਿੰਘ ਮੁੱਖ ਹੋਣਗੇ।

ਇਸ ਤੋਂ ਇਲਾਵਾ ਸਿਟੀ ਮਲੋਟ ਦੇ ਮੁੱਖ ਅਫਸਰ ਅਮਨਦੀਪ ਸਿੰਘ ਅਤੇ ਕਬਰਵਾਲਾ ਦੇ ਮੁੱਖ ਅਫਸਰ ਵਿਸ਼ਨ ਲਾਲ ਸਹਿਯੋਗ ਦੇਣਗੇ। ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਕਿ ਇਸ ਕਤਲ ਦੀ ਜ਼ਿੰਮੇਵਾਰੀ ਲਾਰੰਸ ਬਿਸ਼ਨੋਈ ਗਿਰੋਹ ਨੇ ਲਈ ਹੈ , ਦੇ ਉਤਰ ਵਿਚ ਐੱਸ. ਪੀ. ਡੀ. ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਪੁਲਸ ਖੁਲਾਸਾ ਕਰੇਗੀ। ਉਨ੍ਹਾਂ ਦੱਸਿਆ ਕਿ ਪੁਲਸ ਸੀ. ਸੀ .ਟੀ .ਵੀ .ਕੈਮਰੇ ਖੰਗਾਲ ਰਹੀ ਹੈ। ਇਸ ਤੋਂ ਇਲਾਵਾ ਹਰ ਸਾਇੰਟਫਿਕ ਤਰੀਕੇ ਨਾਲ ਮਾਮਲੇ ਦੀ ਗੁੱਥੀ ਸੁਲਝਾਏਗੀ।