ਸੂਬੇ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ : ਮਨਪ੍ਰੀਤ

11/25/2017 5:11:24 PM

ਚੀਮਾ ਮੰਡੀ (ਬੇਦੀ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਰਾਬ ਵਿਚੋਂ ਅਜਾਏਦਾਰੀ ਖ਼ਤਮ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਤੇ ਜਿਸ ਤਹਿਤ ਸਰਕਾਰ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਜਿਸ ਨਾਲ ਸ਼ਰਾਬ ਦੀ ਤਸਕਰੀ ਵੀ ਬੰਦ ਹੋਵੇਗੀ। ਇਹ ਵਿਚਾਰ ਉਨ੍ਹਾਂ ਚੀਮਾ ਮੰਡੀ ਵਿਖੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਬਿਰਜ ਲਾਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ ਅਤੇ ਇਥੇ ਉਹ ਆਪਣੇ ਕਰੀਬੀਆਂ ਨੂੰ ਮਿਲਣ ਲਈ ਰੁਕੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਫਾਇਦਾ ਸੂਬੇ ਦੇ ਹਰ ਵਰਗ ਨੂੰ ਮਿਲੇਗਾ। ਮਨਪ੍ਰੀਤ ਨੇ ਕਿਹਾ ਕਿ ਸਰਕਾਰ ਵੱਲੋਂ ਖ਼ਜ਼ਾਨੇ ਨੂੰ ਭਰਨ ਲਈ ਨਵੀਆਂ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਇਨ੍ਹਾਂ ਨੀਤੀਆਂ ਨਾਲ ਲੋਕਾਂ ਦੀ ਜੇਬ 'ਤੇ ਵੀ ਅਸਰ ਨਹੀਂ ਪਵੇਗਾ।
ਉਨ੍ਹਾਂ ਕਿਹਾ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਗਲਤ ਨੀਤੀਆਂ ਕਾਰਨ ਸੂਬੇ ਦੀ ਆਰਥਿਕ ਪੱਖੋਂ ਹਾਲਤ ਕੰਗਾਲ ਕਰਕੇ ਰੱਖ ਦਿੱਤੀ ਹੈ ਅਤੇ ਖ਼ਜ਼ਾਨੇ ਨੂੰ ਲੋਕ ਹਿਤਾਂ ਦੀ ਥਾਂ ਆਪਣੇ ਨਿੱਜੀ ਹਿੱਤਾਂ ਲਈ ਵੱਧ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਵੱਲ ਤੋਰਨ ਲਈ ਯਤਨ ਜਾਰੀ ਹਨ ਅਤੇ ਕੁੱਝ ਸਮੇਂ ਵਿਚ ਪੰਜਾਬ ਦੇ ਖ਼ਜ਼ਾਨੇ ਨੂੰ ਭਰ ਕੇ ਲੋਕ ਹਿੱਤਾਂ ਲਈ ਵਰਤਿਆ ਜਾਵੇਗਾ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਦੇ ਹੱਲ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਅਗਲੇ ਸਾਲ ਸਰਕਾਰ ਵੱਲੋਂ ਪਰਾਲੀ ਨੂੰ ਸੰਭਾਲਣ ਦਾ ਕੋਈ ਯੋਗ ਢੰਗ ਕੱਢ ਲਿਆ ਜਾਵੇਗਾ।