ਅਕਾਲੀ ਮੋਦੀ ਅੱਗੇ ਜਾ ਕੇ ਟੇਕਦੇ ਨੇ ਗੋਡੇ : ਮਨਪ੍ਰੀਤ ਬਾਦਲ

Wednesday, Oct 11, 2017 - 06:55 AM (IST)

ਜਲੰਧਰ  (ਮਹੇਸ਼) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਗੁਰਦਾਸਪੁਰ ਉਪ ਚੋਣ 'ਚ ਪ੍ਰਚਾਰ ਲਈ ਲਗਾਤਾਰ ਵਿਅਸਤ ਰਹਿਣ ਦੇ ਬਾਅਦ ਸੋਮਵਾਰ ਰਾਤ ਨੂੰ ਜਲੰਧਰ ਪਹੁੰਚੇ। ਮਨਪ੍ਰੀਤ ਬਾਦਲ ਨੇ ਹੀ ਗੁਰਦਾਸਪੁਰ ਉਪ ਚੋਣ ਦੀ ਕਮਾਨ ਮੁੱਖ ਤੌਰ 'ਤੇ ਸੰਭਾਲ ਰੱਖੀ ਸੀ ਤੇ ਉਨ੍ਹਾਂ ਨੇ ਇਸ ਵਾਰ ਖੁੱਲ੍ਹ ਕੇ ਭਾਜਪਾ ਤੇ ਅਕਾਲੀ ਦਲ ਦੇ ਨਾਲ ਪੰਗਾ ਲਿਆ। ਇਹੀ ਕਾਰਨ ਰਿਹਾ ਕਿ ਸਲਾਰੀਆ ਤੇ ਸਾਰੀ ਭਾਜਪਾ ਹਾਈਕਮਾਨ ਨੂੰ ਮਨਪ੍ਰੀਤ ਦੇ ਖਿਲਾਫ ਖੁੱਲ੍ਹ ਕੇ ਨਾ ਸਿਰਫ ਬੋਲਣਾ ਪਿਆ ਬਲਕਿ ਮਾਣਹਾਨੀ ਦਾ ਦਾਅਵਾ ਕਰਨ ਦਾ ਬਿਆਨ ਜਾਰੀ ਕਰਨਾ ਪਿਆ। ਅਕਾਲੀ ਦਲ ਤੇ ਭਾਜਪਾ ਦੇ ਨਾਲ ਦੋ-ਦੋ ਹੱਥ ਕਰਨ ਦੇ ਬਾਅਦ ਸੋਮਵਾਰ ਰਾਤ ਨੂੰ ਉਹ ਜਲੰਧਰ 'ਚ ਸੀਨੀਅਰ ਹੱਡੀ ਰੋਗ ਮਾਹਿਰ ਡਾ. ਨਵਜੋਤ ਦਹੀਆ ਦੇ ਮਾਡਲ ਟਾਊਨ ਸਥਿਤ ਨਿਵਾਸ 'ਤੇ ਪਹੁੰਚੇ। ਡਾ. ਦਹੀਆ ਮਨਪ੍ਰੀਤ ਦਾ ਸੱਜਾ ਹੱਥ ਮੰਨੇ ਜਾਂਦੇ ਹਨ ਤੇ ਕਾਂਗਰਸ ਦੇ ਬੁਲਾਰੇ ਵੀ ਹਨ। ਮਨਪ੍ਰੀਤ ਨੇ ਗੁਰਦਾਸਪੁਰ ਚੋਣ 'ਚ ਕਾਂਗਰਸ ਦੀ ਸਫਲ ਰਣਨੀਤੀ 'ਤੇ ਦਹੀਆ ਨਾਲ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ।
ਮਨਪ੍ਰੀਤ ਨੇ ਦੱਸਿਆ ਕਿ ਗੁਰਦਾਸਪੁਰ ਉਪ ਚੋਣ ਦਾ ਕਾਫੀ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਪਵੇਗਾ। ਇਸ ਸਮੇਂ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਜ਼ਬਰਦਸਤ ਵਿਰੋਧ ਜ਼ਮੀਨੀ ਪੱਧਰ 'ਤੇ ਹੋ ਰਿਹਾ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਖੁਦ ਕਹਿ ਰਹੇ ਹਨ ਕਿ ਇਸ ਸਮੇਂ ਘੱਟਗਿਣਤੀ ਤਬਕਾ ਦੇਸ਼ 'ਚ ਅਸੁਰੱਖਿਅਤ ਹੈ ਤੇ ਅਕਾਲੀ ਦਲ ਕਿਵੇਂ ਭਾਜਪਾ ਦਾ ਸਾਥ ਦੇ ਰਿਹਾ ਹੈ। ਇਨ੍ਹਾਂ ਦੀ ਦੋਹਰੀ ਨੀਤੀ ਹੀ ਇਨ੍ਹਾਂ 'ਤੇ ਭਾਰੀ ਪੈ ਰਹੀ ਹੈ। ਅਕਾਲੀ ਦਲ ਦਿੱਲੀ 'ਚ ਜਾ ਕੇ ਮੋਦੀ ਦੇ ਅੱਗੇ ਗੋਡੇ ਟੇਕਦੇ ਹਨ ਤੇ ਕਿਰਪਾਲ ਸਿੰਘ ਬਡੂੰਗਰ ਇਥੇ ਕੇਂਦਰ ਸਰਕਾਰ 'ਤੇ ਹਮਲਾ ਕਰ ਰਹੇ ਹਨ। ਪੰਜਾਬ ਦਾ 10 ਸਾਲਾਂ 'ਚ ਅਕਾਲੀ ਦਲ ਨੇ ਬੁਰਾ ਹਾਲ ਕਰ ਦਿੱਤਾ ਹੈ। ਕਾਫੀ ਸਮੇਂ ਬਾਅਦ ਗੱਡੀ ਪਟੜੀ 'ਤੇ ਆਈ ਹੈ। ਇਹ ਗੱਲ ਗੁਰਦਾਸਪੁਰ ਵਾਸੀ ਸਮਝ ਚੁੱਕੇ ਹਨ।
ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਹਨ ਤੇ ਕੈਪਟਨ ਸਾਹਿਬ ਨੇ ਜੋ ਗੁਰਦਾਸਪੁਰ ਉਪ ਚੋਣ ਲਈ ਰਣਨੀਤੀ ਬਣਾਈ, ਕਾਫੀ ਕਾਰਗਰ ਸਾਬਿਤ ਹੋਈ। ਕੈਪਟਨ ਸਰਕਾਰ ਆਉਣ ਦੇ ਬਾਅਦ ਵਪਾਰੀਆਂ ਦਾ ਭਰੋਸਾ ਸਰਕਾਰ ਪ੍ਰਤੀ ਵਧਿਆ ਹੈ ਤੇ ਆਉਣ ਵਾਲੇ ਸਮੇਂ 'ਚ ਇਕ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਕਾਂਗਰਸ ਗੁਰਦਾਸਪੁਰ ਉਪ ਚੋਣ ਜਿੱਤ ਕੇ ਇਤਿਹਾਸ ਸਿਰਜੇਗੀ ਬਲਕਿ ਨਿਗਮ ਚੋਣਾਂ 'ਚ ਵੀ ਝੰਡਾ ਲਹਿਰਾਏਗੀ। ਡਾ. ਦਹੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਾੜੀ ਸੂਬਿਆਂ ਲਈ ਟੈਕਸ ਹਾਲੀਡੇ ਅੱਗੇ 10 ਸਾਲ ਵਧਾ ਦਿੱਤਾ ਹੈ, ਜਿਸ ਨਾਲ ਇੰਡਸਟਰੀ 'ਤੇ ਕਾਫੀ ਮਾੜਾ ਅਸਰ ਪਿਆ ਹੈ ਤੇ ਇੰਡਸਟਰੀ ਪਲਾਇਨ ਕਰ ਰਹੀ ਹੈ। ਇਸ ਦਾ ਅਸਰ ਇਸ ਬਾਰ ਨਿਗਮ ਚੋਣਾਂ 'ਤੇ ਪਵੇਗਾ। ਇਸ ਮੌਕੇ ਡਾ. ਨਵਜੋਤ ਦਹੀਆ ਦੀ ਪਤਨੀ ਡਾ. ਜੈਸਮੀਨ ਦਹੀਆ, ਮਾਤਾ ਰਿਟਾਇਰਡ ਅਧਿਆਪਕਾ ਹਰਬੰਸ ਕੌਰ ਤੇ ਐੱਨ. ਆਰ. ਆਈ. ਭਰਾ ਹਰਪ੍ਰੀਤ ਸਿੰਘ ਵੀ ਮੌਜੂਦ ਸਨ।


Related News