ਜਲਦ ਹੀ ਖਜ਼ਾਨੇ ਦਾ ਮੂੰਹ ਬਠਿੰਡਾ ਵੱਲ ਮੋੜ ਦਿੱਤਾ ਜਾਵੇਗਾ : ਮਨਪ੍ਰੀਤ ਬਾਦਲ

02/17/2018 6:49:55 AM

ਬਠਿੰਡਾ (ਵਰਮਾ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਵੀਨੂ ਬਾਦਲ ਵੱਲੋਂ ਸ਼ਹਿਰ 'ਚ ਕਈ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ 'ਤੇ ਰਾਜਨੀਤਿਕ ਹੱਲਾ ਬੋਲਦਿਆਂ ਉਨ੍ਹਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਅਤੇ ਖਜ਼ਾਨੇ ਨੂੰ ਚੱਟ ਕਰਨ ਦਾ ਵੀ ਦੋਸ਼ ਲਾਇਆ। ਟਕਸਾਲੀ ਕਾਂਗਰਸੀ ਆਗੂ ਡਾ. ਗੁਰਬਖਸ਼ ਸਿੰਘ ਦੇ ਘਰ ਮਨਪ੍ਰੀਤ ਬਾਦਲ ਨੇ ਉਥੋਂ ਦੇ ਪੂਰੇ ਮੁਹੱਲੇ ਦੀਆਂ ਸਮੱਸਿਆਵਾਂ ਸੁਣੀਆਂ ਤੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਕੇ ਜਲਦ ਹੱਲ ਕਰਨ ਲਈ ਕਿਹਾ। ਓ. ਡੀ. ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਤਾਂ ਤੁਹਾਡੇ ਕੋਲ ਹੈ ਪਰ ਬਠਿੰਡਾ ਦਾ ਹਾਲ ਉਵੇਂ ਦਾ ਉਵੇਂ ਹੀ ਹੈ ਜਿਵੇਂ ਪਹਿਲਾਂ ਸੀ। ਇਸ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਲਦ ਹੀ ਖਜ਼ਾਨੇ ਦਾ ਮੂੰਹ ਬਠਿੰਡਾ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਡਾ. ਗੁਰਬਖਸ਼ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਆਗੂ ਹੋਣ ਦੇ ਨਾਤੇ ਉਨ੍ਹਾਂ ਦਾ ਅਧਿਕਾਰੀ ਹੈ ਕਿ ਉਹ ਮੁਹੱਲੇ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਨਜ਼ਦੀਕ ਨਾ ਆਉਣ ਦੇਣ।
 ਵਿੱਤ ਮੰਤਰੀ ਦੀ ਪਤਨੀ ਨੇ ਵੀ ਸ਼ਹਿਰ ਦੇ ਕਈ ਪ੍ਰੋਗਰਾਮਾਂ 'ਚ ਸ਼ਾਮਲ ਹੋ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਹਮੇਸ਼ਾ ਝੂਠੇ ਬਿਆਨ ਦੇ ਕੇ ਮਨਪ੍ਰੀਤ ਬਾਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਨਿਰਸਵਾਰਥ ਭਾਵਨਾ ਨਾਲ ਕੰਮ ਕਰੇ।
 ਮਨਪ੍ਰੀਤ ਨੇ ਦਾਣਾ ਮੰਡੀ ਵਿਚ ਅਸ਼ੋਕ ਗੋਇਲ, ਵੀਰ ਭਵਨ, ਬਸੰਤ ਵਿਹਾਰ, ਕਲਗੀਧਰ ਗੁਰਦੁਆਰਾ, ਠਾਕੁਰਦਾਸ ਦਾ ਅਹਾਤਾ, ਮਾਡਲ ਟਾਊਨ, ਲਾਲ ਸਿੰਘ ਬਸਤੀ ਆਦਿ ਸਥਾਨਾਂ 'ਤੇ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ, ਜੈਜੀਤ ਸਿੰਘ ਜੌਹਲ 'ਜੇਜੋ', ਅਰੁਣਾ ਵਧਾਵਨ, ਅਸ਼ੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ, ਰਾਜ ਨੰਬਰਦਾਰ ਡਾ. ਗੁਰਬਖਸ਼ ਸਿੰਘ, ਡਾ. ਸਾਗਰ, ਚਮਨ ਲਾਲ ਭੁੱਚੋ, ਦਰਸ਼ਨ ਘੁੱਦਾ ਮੀਡੀਆ ਐਡਵਾਈਜ਼ਰ ਹਰਜੋਤ ਸਿੰਘ, ਸੁਰਿੰਦਰ ਮੋਹਨ ਭੋਲਾ, ਓ. ਡੀ. ਸ਼ਰਮਾ, ਜਗਤਾਰ ਸਿੰਘ ਓ. ਐੱਸ. ਡੀ., ਰਾਜ ਕੁਮਾਰ ਰਾਜਾ, ਸ਼ਾਮ ਲਾਲ, ਸੰਦੀਪ ਵਰਮਾ, ਮਿੰਟੂ ਕਪੂਰ, ਵਿਜੇ ਘੁੱਦਾ, ਕੇ. ਕੇ. ਅਗਰਵਾਲ ਆਦਿ ਖਾਸ ਤੌਰ 'ਤੇ ਹਾਜ਼ਰ ਸਨ।