ਮਨਪ੍ਰੀਤ ਬਾਦਲ ਨੇ ਜੇਤਲੀ ਤੋਂ ਮੰਗੀ 40 ਹਜ਼ਾਰ ਕਰੋੜ ਦੀ ਸੀ. ਸੀ. ਐੱਲ.

09/11/2018 9:16:48 AM

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਦਿੱਲੀ 'ਚ ਮੁਲਾਕਾਤ ਕਰਕੇ ਝੋਨੇ ਲਈ 40 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ (ਸੀ. ਸੀ. ਐੱਲ.) ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਦਿਵਾਉਣ ਲਈ ਕਿਹਾ ਹੈ। ਗੰਭੀਰ ਮਾਲੀ ਸੰਕਟ 'ਚੋਂ ਲੰਘ ਰਹੀ ਸਰਕਾਰ ਲਈ ਆਰ. ਬੀ. ਆਈ. ਨੂੰ 1200 ਕਰੋੜ ਰੁਪਏ ਤੁਰੰਤ ਜਮ੍ਹਾਂ ਕਰਾਉਣੇ ਔਖੇ ਹੋਏ ਪਏ ਹਨ। ਝੋਨੇ ਦੀ ਖਰੀਦ ਲਈ 40 ਹਜ਼ਾਰ ਕਰੋੜ ਰੁਪਏ ਦੀ ਸੀ. ਸੀ. ਐੱਲ. ਮੰਗੀ ਗਈ ਹੈ।

ਮਨਪ੍ਰੀਤ ਬਾਦਲ ਨੇ ਅਨਾਜ ਦੇ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਬਾਰੇ ਵੀ ਗੱਲਬਾਤ ਕੀਤੀ ਅਤੇ ਪੰਜਾਬ ਨੂੰ ਰਾਹਤ ਦੇਣ ਲਈ ਕਿਹਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਚੁੱਕਿਆ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਮਾਮਲਾ ਅਰੁਣ ਜੇਤਲੀ ਨਾਲ ਵਿਚਾਰਿਆ ਜਾਵੇ। ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਮਨਪ੍ਰੀਤ ਬਾਦਲ ਮੀਡੀਆ 'ਚ ਸੀ. ਸੀ. ਐੱਲ. ਅਤੇ ਅਨਾਜ ਦੇ ਕਰਜ਼ੇ ਬਾਰੇ ਕੋਈ ਖੁਲਾਸਾ ਕਰਨਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ।