ਸ. ਬਾਦਲ ਦੇ ਭੋਗ ਸਮਾਗਮ ''ਤੇ ਭਾਵੁਕ ਹੋਏ ਮਨਪ੍ਰੀਤ ਬਾਦਲ ਬੋਲੇ-''ਆਜਾ ਚਮਨ ਦਿਆ ਮਾਲੀਆ ਬੂਟੇ ਉਦਾਸ ਨੇ''

05/04/2023 6:41:26 PM

ਮੁਕਤਸਰ ਸਾਹਿਬ : ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ 'ਤੇ ਕਈ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਪੁੱਜੀਆਂ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਵੀ ਸ. ਬਾਦਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਨੂੰ ਪਰਮਾਤਮਾ ਨੇ ਸਿਆਸੀ ਚੜ੍ਹਾਈ ਦੇ ਨਾਲ-ਨਾਲ ਬੇਪਨਾਹ ਖੂਬੀਆਂ ਦਿੱਤੀਆਂ ਸਨ। ਪਰਮਾਤਮਾ ਨੇ ਸ. ਬਾਦਲ ਨੂੰ ਬਹੁਤ ਵੱਡਾ ਦਿਲ ਅਤੇ ਜਿਗਰਾ ਦਿੱਤਾ ਅਤੇ ਵਤਨ ਦੀ ਬਿਹਤਰੀ ਲਈ ਬਾਦਲ ਸਾਹਿਬ ਨੇ ਹਰ ਰੁੱਸੇ ਹੋਏ ਦੋਸਤ ਨੂੰ ਮਨਾਇਆ। ਉਨ੍ਹਾਂ ਕਿਹਾ ਕਿ ਮੇਰੇ ਵੀ ਜਦੋਂ ਬਾਦਲ ਸਾਹਿਬ ਨਾਲ ਸਿਆਸੀ ਮਤਭੇਦ ਹੋਏ ਗਏ ਸਨ ਤਾਂ ਇਹ ਉਨ੍ਹਾਂ ਦਾ ਬੜੱਪਨ ਸੀ ਕਿ ਉਨ੍ਹਾਂ ਨੇ ਮੈਨੂੰ ਆਪਣੇ ਗਲੇ ਲਾਇਆ। ਇਸ ਮੌਕੇ ਸ਼ਾਇਰਾਨਾ ਅੰਦਾਜ਼ 'ਚ ਮਨਪ੍ਰੀਤ ਬਾਦਲ ਬੋਲੇ-

ਇਹ ਵੀ ਪੜ੍ਹੋ : ਪੰਜਾਬ 'ਚ ਲੱਕੀ ਡਰਾਅ ਸਕੀਮਾਂ ਪਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਜਾਰੀ ਕਰ ਦਿੱਤੇ ਇਹ ਹੁਕਮ
ਆਜਾ ਚਮਨ ਦਿਆ ਮਾਲੀਆ ਬੂਟੇ ਉਦਾਸ ਨੇ
ਜਿਸ ਦਿਨ ਦਾ ਟੁਰ ਗਿਆ, ਨਾਲ ਹੀ ਟੁਰ ਗਈਆਂ ਨੇ ਕੁੱਲ ਬਹਾਰਾਂ
ਤੇਰੇ ਹਿਜਰ ਵਿੱਚ ਫੁੱਲ ਤੇ ਕਲੀਆਂ ਰੋਂਦੀਆਂ
ਜਿੱਧਰ ਲੰਘਦਾ ਸੀ ਸੋਹਣਿਆ, ਉਹ ਗਲੀਆਂ ਪਈਆਂ ਰੋਂਦੀਆਂ

ਇਹ ਵੀ ਪੜ੍ਹੋ : ਪੇਪਰ ਦੇਣ ਆਈ ਵਿਦਿਆਰਥਣ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਕਾਲਜ 'ਚ ਪੈ ਗਿਆ ਚੀਕ-ਚਿਹਾੜਾ
ਮਨਪ੍ਰੀਤ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਾਦਲ ਸਾਹਿਬ ਨੂੰ 20 ਸਾਲ ਹਕੁਮਤ ਕਰਨ ਦਾ ਮੌਕਾ ਦਿੱਤਾ ਅਤੇ ਇਨ੍ਹਾਂ 20 ਸਾਲਾਂ 'ਚ ਬਾਦਲ ਸਾਹਿਬ ਨੇ 120 ਸਾਲ ਦੇ ਕੰਮ ਕੀਤੇ। ਜਿਹੜੀ ਪੱਗੜੀ ਪੰਜਾਬ ਦੇ ਲੋਕਾਂ ਨੇ ਬਾਦਲ ਸਾਹਿਬ ਦੇ ਸਿਰ 'ਤੇ ਸਜਾਈ ਸੀ, ਬਾਦਲ ਸਾਹਿਬ ਨੇ ਆਪਣੇ ਖੂਨ-ਪਸੀਨੇ ਅਤੇ ਅਣਥੱਕ ਮਿਹਨਤ ਨਾਲ ਉਸ ਪੱਗੜੀ ਦੀ ਲਾਜ ਰੱਖੀ। ਅਖ਼ੀਰ ਮੌਕੇ ਉਨ੍ਹਾਂ ਨੇ ਸਭ ਨੂੰ ਖ਼ੁਸ਼ ਅਤੇ ਤੰਦਰੁਸਤ ਰੱਖਣ ਦੀ ਪਰਮਾਤਮਾ ਨੂੰ ਅਰਦਾਸ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita