ਮਨਪ੍ਰੀਤ ਬਾਦਲ ਦੀ ਕੋਠੀ ''ਚ ''27 ਏ. ਸੀ.'' ਲੱਗਣ ਦਾ ਭੇਤ ਖੋਲ੍ਹੇਗੀ ਸਰਕਾਰ

12/24/2019 10:59:36 AM

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ 'ਚ 27 ਏ. ਸੀ. ਲੱਗਣ ਦੇ ਮਾਜਰੇ ਦਾ ਪੰਜਾਬ ਸਰਕਾਰ ਵਲੋਂ ਭੇਤ ਖੋਲ੍ਹਿਆ ਜਾਵੇਗਾ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਚੈੱਕ ਕੀਤਾ ਜਾਵੇਗਾ ਕਿ ਆਖਰ ਕਿਹੜੇ ਨਿਯਮਾਂ ਤਹਿਤ ਮਨਪ੍ਰੀਤ ਬਾਦਲ ਦੀ ਕੋਠੀ 'ਚ ਇਹ ਏ. ਸੀ. ਕਦੋਂ ਅਤੇ ਕਿਵੇਂ ਲਾਏ ਗਏ। ਇਸ ਗੱਲ ਦਾ ਵੀ ਪਤਾ ਲਾਇਆ ਜਾਵੇਗਾ ਕਿ ਏ. ਸੀ. ਪ੍ਰਾਈਵੇਟ ਹਨ ਜਾਂ ਫਿਰ ਸਰਕਾਰੀ ਖਜ਼ਾਨੇ 'ਤੇ ਹੀ ਇਸ ਦਾ ਬੋਝ ਪਾਇਆ ਜਾ ਰਿਹਾ ਹੈ।

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਸਿੰਗਲਾ ਨੇ ਕਿਹਾ ਕਿ ਜਾਂਚ ਕਰਵਾਉਂਦੇ ਹੋਏ ਉਹ ਖੁਦ ਦੇਖਣਗੇ ਕਿ ਆਖਰਕਾਰ ਇੰਨੇ ਏ. ਸੀ. ਲਾਉਣ ਪਿੱਛੇ ਕੀ ਮਾਜਰਾ ਹੈ। ਕਿਹੜੇ ਮੰਤਰੀ ਦੀ ਕੋਠੀ 'ਚ ਕਿੰਨੇ ਏ. ਸੀ. ਲਾਏ ਜਾ ਸਕਦੇ ਹਨ, ਇਸ ਸਬੰਧੀ ਨਿਯਮਾਂ ਬਾਰੇ ਕੋਈ ਜਾਣਕਾਰੀ ਹੋਣ ਤੋਂ ਵਿਜੇਇੰਦਰ ਸਿੰਗਲਾ ਨੇ ਇਨਕਾਰ ਕਰ ਦਿੱਤਾ।

ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਦੇ ਖਾਲੀ ਖਜ਼ਾਨੇ ਦੀਆਂ ਖਬਰਾਂ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਵਿੱਤ ਮੰਤਰੀ ਦੀ ਖੁਦ ਦੀ ਕੋਠੀ 'ਚ 27 ਏ. ਸੀ. ਲੱਗੇ ਹੋਏ ਹਨ, ਜਿਸ ਤੋਂ ਬਾਅਦ ਇਸ ਗੱਲ ਨੇ ਤੂਲ ਫੜ੍ਹ ਲਿਆ ਹੈ। ਇਸ ਲਈ ਸਰਕਾਰ ਵਲੋਂ ਹੁਣ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।

Babita

This news is Content Editor Babita