ਕੇਂਦਰ ਘਟਾਵੇ ਐਕਸਾਈਜ਼ ਡਿਊਟੀ ਤਾਂ ਪੰਜਾਬ ''ਚ ਘਟਾ ਦੇਵਾਂਗੇ ਵੈਟ : ਮਨਪ੍ਰੀਤ ਬਾਦਲ

09/13/2018 3:41:13 PM

ਚੰਡੀਗੜ੍ਹ : ਪੰਜਾਬ ਵਿਚ ਪੈਟਰੋਲ-ਡੀਜ਼ਲ 'ਤੇ ਵੈਟ ਘਟਾਉਣ ਦੇ ਲਈ ਲਗਾਤਾਰ ਦਬਾਅ ਬਣ ਰਿਹਾ ਹੈ ਪਰ ਸਰਕਾਰ ਮਾੜੀ ਹਾਲਤ ਦਾ ਹਵਾਲਾ ਦੇ ਕੇ ਵੈਟ ਘੱਟ ਕਰਨ ਤੋਂ ਗੁਰੇਜ਼ ਕਰ ਰਹੀ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਇਕ ਰੁਪਿਆ ਵੈਟ ਘੱਟ ਕਰਨ 'ਤੇ 520 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਅਜਿਹੇ 'ਚ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਪੈਟਰੋ ਪਦਾਰਥਾਂ ਨੂੰ ਜੀ. ਐੱਸ. ਟੀ. ਦੇ ਦਾਈਰੇ 'ਚ ਲਿਆਉਣ ਦੀ ਵਕਾਲਤ ਕਰ ਰਹੀ ਹੈ। ਇਸ ਮਹੀਨੇ ਦੇ ਖਤਮ ਹੋਣ ਤੱਕ ਜੀ. ਐੱਸ. ਟੀ. ਨੂੰ ਲੈ ਕੇ ਦਿੱਲੀ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਬੈਠਕ ਹੈ।

ਇਸ ਤੋਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਪੈਟਰੋ ਪਦਾਰਥਾਂ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਦੀ ਵਕਾਲਤ ਕਰਨਗੇ। ਇਸ ਬੈਠਕ 'ਚ ਜੀ. ਐੱਸ. ਟੀ. ਵਿਚ ਕੁਝ ਸੁਧਾਰਾਂ ਨੂੰ ਲੈ ਕੇ ਵੀ ਚਰਚਾ ਹੋਵੇਗੀ, ਜਿਸ ਤੋਂ ਬਾਅਦ ਸੂਬੇ 'ਚ ਜੀ. ਐੱਸ. ਟੀ. ਰਿਫੋਰਮ ਨੂੰ ਲੈ ਕੇ ਇੱਕ ਦਿਨ ਦਾ ਵਿਧਾਨ ਸਭਾ ਸੈਸ਼ਨ ਵੀ ਬੁਲਾਇਆ ਜਾਵੇਗਾ। ਦੱਸ ਦੇਈਏ ਕਿ ਕੇਂਦਰ ਸਰਕਾਰ ਦੋ ਸਾਲਾਂ ਵਿਚ 9 ਵਾਰ ਪੈਟਰੋ ਪਦਾਰਥਾਂ 'ਤੇ ਐਕਸਾਈਜ਼ ਡਿਊਟੀ ਵਧਾ ਚੁੱਕੀ ਹੈ। ਇਸ ਦੇ ਇਲਾਵਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਤੈਅ ਹੁੰਦੀਆਂ ਹਨ। ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਅਜਿਹੀ ਹਾਲਤ 'ਚ ਨਹੀਂ ਹੈ ਕਿ ਪੈਟਰੋਲੀਅਮ ਪਦਾਰਥਾਂ 'ਤੇ ਵੈਟ ਘੱਟ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਘੱਟ ਕਰਨ ਨੂੰ ਤਿਆਰ ਹੈ ਤਾਂ ਪੰਜਾਬ ਵੀ ਵੈਟ ਘਟਾ ਦੇਵਾਂਗੇ।