ਅਮਰਿੰਦਰ ''ਤੇ ਉਂਗਲੀ ਚੁੱਕਣ ਤੋਂ ਪਹਿਲਾਂ ਛੋਟੇ ਬਾਦਲ ਵੱਡੇ ਬਾਦਲ ਦੀ ਉਮਰ ਦੇਖਣ : ਮਨੋਜ ਅਰੋੜਾ

11/20/2017 11:16:54 AM

ਜਲੰਧਰ (ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2022 ਦੀਆਂ ਚੋਣਾਂ ਵਿਚ ਮੁੜ ਮੁੱਖ ਮੰਤਰੀ ਬਣਨ ਦੇ ਬਿਆਨ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਛੋਟੇ ਬਾਦਲ ਆਪਣੇ ਪਿਤਾ ਅਤੇ ਵੱਡੇ ਬਾਦਲ ਦੀ ਉਮਰ ਦੇਖਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਅਰੋੜਾ ਨੇ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਭੁਲ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋਕਿ 90 ਸਾਲ ਦੀ ਉਮਰ ਵਿਚ ਪੰਜਾਬ ਦੀ ਸਿਆਸਤ ਵਿਚ ਸਰਗਰਮ ਅਤੇ 8 ਮਹੀਨੇ ਪਹਿਲਾਂ ਤੱਕ ਉਹ ਸੂਬੇ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। 
ਮਨੋਜ ਨੇ ਕਿਹਾ ਕਿ ਕਾਂਗਰਸ ਦੀ ਚੜ੍ਹਤ ਦੇਖ ਕੇ ਲੱਗਦਾ ਹੈ ਕਿ ਸੁਖਬੀਰ ਬੌਖਲਾ ਗਏ ਹਨ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੰਮੀ ਪਾਰੀ ਵਿਰੁੱਧ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਸਮਰੱਥ ਆਗੂ ਦੀ ਅੱਜ ਪੰਜਾਬ ਨੂੰ ਬੇਹੱਦ ਲੋੜ ਹੈ ਜੋ ਕਿ ਸੂਬੇ ਦੇ ਭੈੜੇ ਆਰਥਿਕ ਅਤੇ ਸਮਾਜਿਕ ਹਾਲਾਤਾਂ ਨੂੰ ਮੁੜ ਪਟੜੀ 'ਤੇ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੇ 10 ਸਾਲਾਂ ਦੇ ਆਪਣੇ ਸ਼ਾਸਨਕਾਲ ਵਿਚ ਸੂਬੇ ਵਿਚ ਜੰਗਲ ਰਾਜ ਵਰਗੀ ਹਾਲਤ ਬਣਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਡਰੱਗ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ ਨੂੰ ਸ਼ਹਿ ਦੇ ਕੇ ਸੂਬੇ ਵਿਚ ਮਾਫੀਆ ਰਾਜ ਨੂੰ ਕਾਇਮ ਕਰ ਦਿੱਤਾ ਸੀ।
ਮਨੋਜ ਨੇ ਦੱਸਿਆ ਕਿ ਬਾਦਲ ਸਰਕਾਰ ਨੇ ਸੰਗਤ ਦਰਸ਼ਨਾਂ 'ਤੇ ਆਪਣੇ ਆਗੂਆਂ ਦੇ ਘਰ ਭਰਨ ਅਤੇ ਖਜ਼ਾਨਾ ਖਾਲੀ ਕਰ ਦਿੱਤਾ, ਸਰਕਾਰੀ ਜਾਇਦਾਦਾਂ ਨੂੰ ਵੇਚ ਕੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਜੁਗਾੜ ਚਲਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦਿਆਂ ਹੀ ਮਾਫੀਆ ਰਾਜ ਦਾ ਸਫਾਇਆ ਕੀਤਾ ਅਤੇ ਆਪਣੀ ਨੀਤੀਆਂ ਨਾਲ ਸੂਬੇ ਨੂੰ ਇਕ ਵਾਰ ਫਿਰ ਤੋਂ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ ਜੋਕਿ ਬਾਦਲ ਪਰਿਵਾਰ ਨੂੰ ਹਜ਼ਮ ਨਹੀਂ ਹੋ ਰਿਹਾ। ਮਨੋਜ ਨੇ ਦੱਸਿਆ ਕਿ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜੋ ਫੈਸਲਾ ਲਿਆ ਹੈ, ਕਾਂਗਰਸ ਨੇ ਸੂਬੇ ਦੀ ਸਮੁੱਚੀ ਜਨਤਾ ਇਸ ਫੈਸਲਾ ਦਾ ਜ਼ੋਰਦਾਰ ਸਵਾਗਤ ਕਰ ਰਹੀ ਹੈ।