ਦੂਜੇ ਦਿਨ ਵੀ ਨਹੀਂ ਹੋਇਆ ਕਤਲ ਕੀਤੇ ਗਏ ਡੇਰਾ ਪ੍ਰੇਮੀ ਦਾ ਅੰਤਿਮ ਸੰਸਕਾਰ, ਧਰਨਾ ਜਾਰੀ

11/22/2020 5:44:17 PM

ਭਗਤਾ ਭਾਈ (ਪਰਵੀਨ): ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕ ਮਨੋਹਰ ਲਾਲ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਡੇਰਾ ਪ੍ਰੇਮੀਆਂ ਵਲੋਂ ਕੱਲ੍ਹ ਦੁਪਹਿਰ ਤੋਂ ਲਗਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਦੌਰਾਨ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਮਰਦ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਡੇਰਾ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਸਮਾਜ ਸੇਵਾ ਕਰਨ ਵਾਲੀ ਜਮਾਤ ਹੈ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!

ਡੇਰਾ ਪ੍ਰਬੰਧਕਾਂ ਅਤੇ ਐੱਸ.ਐੱਸ.ਪੀ. ਭਪਿੰਦਰਜੀਤ ਸਿੰਘ ਵਿਰਕ ਦਰਮਿਆਨ ਗੱਲਬਾਤ ਹੋਈ। ਮੀਟਿੰਗ ਦੌਰਾਨ ਡੇਰਾ ਪ੍ਰਬੰਧਕ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਘਟਨਾ ਦੇ ਮਗਰ ਜੋ ਤਾਕਤਾਂ ਹਨ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਡੇਰਾ ਬੇਅਦਬੀ ਮਾਮਲੇ ਦੀ ਜਾਂਚ ਸਿਰੇ ਲਗਾਈ ਜਾਵੇ। ਗੱਲਬਾਤ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖੀ ਵਿਰਕ ਨੇ ਕਿਹਾ ਕਿ ਪੁਲਸ ਸਹੀ ਦਿਸ਼ਾ ਵੱਲ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਦਬੋਚ ਲਿਆ ਜਾਵੇਗਾ। ਉਧਰ ਡੇਰਾ ਪ੍ਰਬੰਧਕਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਵਾਅਦਾ ਖ਼ਿਲਾਫੀਆਂ ਦੇ ਮੱਦੇਨਜ਼ਰ ਉਹ ਪ੍ਰਸਾਸ਼ਨ ਤੇ ਯਕੀਨ ਨਹੀਂ ਕਰ ਸਕਦੇ ਅਤੇ ਕਿਸੇ ਠੋਸ ਨਤੀਜੇ ਤੋਂ ਬਾਅਦ ਹੀ ਮ੍ਰਿਤਕ ਮਨੋਹਰ ਲਾਲ ਦੇ ਅੰਤਿਮ ਸੰਸਕਾਰ ਬਾਰੇ ਕੋਈ ਫੈਸਲਾ ਲੈਣਗੇ।

ਇਹ ਵੀ ਪੜ੍ਹੋ: ਪਰਿਵਾਰ ਗਿਆ ਸੀ ਰਿਸ਼ਤੇਦਾਰ ਦੇ ਸਸਕਾਰ 'ਤੇ, ਜਦ ਪਰਤੇ ਘਰ ਤਾਂ ਕੁੜੀ ਨੂੰ ਇਸ ਹਾਲ 'ਚ ਵੇਖ ਉੱਡੇ ਹੋਸ਼

Shyna

This news is Content Editor Shyna