ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ’ਚ ਸਰਕਾਰੀ ਗੁੰਡਾਗਰਦੀ : ਮਾਨ

10/05/2021 11:50:18 AM

ਚੰਡੀਗੜ੍ਹ (ਰਮਨਜੀਤ) : ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਕਤਲ ਮਾਮਲੇ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜ਼ੁਲਮ ਦਾ ਸਿਖਰ ਕਰਾਰ ਦਿੱਤਾ ਹੈ। ਮਾਨ ਨੇ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਦੇਸ਼ ਦੇ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਮੁਲਜ਼ਮ ਬੇਟੇ ਆਸ਼ੀਸ਼ ਦੀ ਤੁਰੰਤ ਗ੍ਰਿਫਤਾਰੀ ਅਤੇ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਬਿਆਨ ਜਾਰੀ ਕਰ ਕੇ ਭਗਵੰਤ ਮਾਨ ਨੇ ਕਿਹਾ ਕਿ ਜਿਸ ਕੇਂਦਰੀ ਰਾਜ ਗ੍ਰਹਿ ਮੰਤਰੀ ਅਧੀਨ ਪੁਲਸ ਹੋਵੇ ਅਤੇ ਉਨ੍ਹਾਂ ਦਾ ਪੁੱਤਰ ਕਿਸਾਨਾਂ ਦੇ ਕਤਲ ਵਿਚ ਸ਼ਾਮਲ ਹੋਵੇ, ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ ? ਮਾਨ ਨੇ ਕਿਹਾ ਇਹ ਸਵਾਲ ਸੰਸਦ ਵਿਚ ਪ੍ਰਧਾਨ ਮੰਤਰੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੀ ਪੁੱਛਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਕਰੀਬ 700 ਕਿਸਾਨ ਸ਼ਹੀਦ ਹੋ ਚੁੱਕੇ ਹਨ। ਬਾਵਜੂਦ ਇਸਦੇ ਕੇਂਦਰ ਦੀ ਮੋਦੀ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਹਾਲੇ ਵੀ ਕਿਸਾਨਾਂ ਦੇ ਖੂਨ ਦੀ ਪਿਆਸੀ ਹੈ। ਮਾਨ ਨੇ ਕਿਹਾ ਕਿ ਭਾਜਪਾ ਨੇਤਾਵਾਂ ਦੇ ਨਾਲ ਹੁਣ ਉਨ੍ਹਾਂ ਦੇ ਬੇਟੇ-ਬੇਟੀਆਂ ਵੀ ਕਿਸਾਨਾਂ ਨੂੰ ਗੱਡੀਆਂ ਦੇ ਹੇਠਾਂ ਕੁਚਲਕੇ ਉਨ੍ਹਾਂ ਦੇ ਕਤਲ ਕਰਨ ਲੱਗੇ ਹਨ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਸਾਬਕਾ ਪੁਲਸ ਅਧਿਕਾਰੀਆਂ ਦੀ ਅਪੀਲ ਰੱਦ ਕੀਤੇ ਜਾਣਾ ਸਰਕਾਰ ਦੀ ਵੱਡੀ ਜਿੱਤ

ਮਾਨ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਸਪੱਸ਼ਟ ਹੈ ਕਿ ਉੱਤਰ ਪ੍ਰਦੇਸ਼ ਅਤੇ ਦੇਸ਼ ਵਿਚ ਲੋਕਤੰਤਰ ਨਹੀਂ, ਸਗੋਂ ਡੰਡਾ ਤੰਤਰ ਅਤੇ ਗੋਲੀ ਤੰਤਰ ਦਾ ਗੁੰਡਾ ਰਾਜ ਹੈ। ਮਾਨ ਨੇ ਘਟਨਾ ’ਤੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਨੇਤਾ ਆਮ ਲੋਕਾਂ ਨੂੰ ਕੀੜੇ-ਮਕੌੜੇ ਸਮਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਜ਼ਖ਼ਮੀਆਂ ਦੇ ਵਾਰਿਸਾਂ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਹੋਰ ਕਿਸੇ ਨੂੰ ਘਟਨਾ ਸਥਾਨ ’ਤੇ ਨਹੀਂ ਜਾਣ ਦਿੱਤਾ ਗਿਆ। ਮਾਨ ਨੇ ਲਖੀਮਪੁਰ ਖੀਰੀ ਨੂੰ ਸੀਲ ਕਰ ਕੇ ਉੱਥੇ ਇੰਟਰਨੈੱਟ ਸੇਵਾ ਬੰਦ ਕਰਨ ਲਈ ਜੁਲਮ ਦੀ ਹੱਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਜਿਨ੍ਹਾਂ ਲੋਕਾਂ ਨੇ ਕਿਸਾਨਾਂ ’ਤੇ ਗੱਡੀਆਂ ਚੜ੍ਹਾਈਆਂ, ਉਕਸਾਇਆ ਅਤੇ ਗੋਲੀਆਂ ਚਲਾਈਆਂ, ਉਨ੍ਹਾਂ ਖਿਲਾਫ ਕਤਲ ਦੀ ਧਾਰਾ 302 ਤੋਂ ਹੇਠਾਂ ਕੋਈ ਕਾਰਵਾਈ ਮਨਜ਼ੂਰ ਨਹੀਂ ਹੈ।

ਇਹ ਵੀ ਪੜ੍ਹੋ : ਯੋਗੀ ਅਤੇ ਮੋਦੀ ’ਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਵੜੀ : ਰਾਘਵ ਚੱਢਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha